ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਪੰਜਾਬ ਸਰਕਾਰ ਨੇ ਸੂਬਾਈ ਪੁਲੀਸ ਪ੍ਰਸ਼ਾਸਨ ਵਿੱਚ ਵੱਡੀ ਤਬਦੀਲੀ ਕਰਦਿਆਂ 1992 ਬੈਚ ਦੇ ਆਈਪੀਐੱਸ ਅਧਿਕਾਰੀ ਗੌਰਵ ਯਾਦਵ ਨੂੰ ਸੂਬੇ ਦੇ ਡੀਜੀਪੀ ਦਾ ਚਾਰਜ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ। ਸੂਬੇ ਦੇ ਮੌਜੂਦਾ ਡੀਜੀਪੀ ਵੀਰੇਸ਼ ਕੁਮਾਰ ਭਾਵੜਾ ਭਲਕੇ 5 ਜੁਲਾਈ ਤੋਂ 2 ਮਹੀਨਿਆਂ ਲਈ ਛੁੱਟੀ ‘ਤੇ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਸੰਗਰੂਰ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਉਪਰੰਤ ‘ਆਪ’ ਸਰਕਾਰ ਨੇ ਸ੍ਰੀ ਭਾਵੜਾ ਨੂੰ ਅਹੁਦਾ ਛੱਡਣ ਦੀ ਬੇਨਤੀ ਕਰਨ ਜਾਂ ਛੁੱਟੀ ‘ਤੇ ਜਾਣ ਸਬੰਧੀ ਜ਼ੁਬਾਨੀ ਫੁਰਮਾਨ ਜਾਰੀ ਕਰ ਦਿੱਤਾ ਸੀ। ਸਰਕਾਰ ਦੇ ਸੂਤਰਾਂ ਮੁਤਾਬਕ ‘ਆਪ’ ਲੀਡਰਸ਼ਿਪ ਵੱਲੋਂ ਸ੍ਰੀ ਯਾਦਵ ਦੀ ਸੂਬੇ ਦੇ ਅਗਲੇ ਡੀਜੀਪੀ ਵਜੋਂ ਇੱਕ ਤਰ੍ਹਾਂ ਨਾਲ ਚੋਣ ਕਰ ਲਈ ਹੈ ਤੇ ਯੂਪੀਐੱਸਸੀ ਦੀ ਮੋਹਰ ਲਵਾਉਣੀ ਹੀ ਬਾਕੀ ਹੈ।