ਸਮ੍ਰਿਤੀ ਇਰਾਨੀ ਦੀ ਧੀ ਗੋਆ ’ਚ ਚਲਾ ਰਹੀ ਹੈ ‘ਗ਼ੈਰਕਾਨੂੰਨੀ’ ਬਾਰ: ਕਾਂਗਰਸ


ਨਵੀਂ ਦਿੱਲੀ, 23 ਜੁਲਾਈ

ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਗੋਆ ਵਿਚ ‘ਗੈਰਕਾਨੂੰਨੀ ਬਾਰ’ ਚਲਾ ਰਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਰਾਨੀ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੀਦਾ ਹੈ। ਇਕ ਬਿਆਨ ਵਿਚ ਇਰਾਨੀ ਦੀ ਧੀ ਦੀ ਵਕੀਲ ਕੀਰਤ ਨਾਗਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਕੀਲ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਧੀ ਜ਼ੋਇਸ਼ ਨਾ ਤਾਂ ‘ਸਿਲੀ ਸੋਲਜ਼ ਗੋਆ’ ਨਾਂ ਦੇ ਇਸ ਰੇਸਤਰਾਂ ਦੀ ਮਾਲਕ ਹੈ ਤੇ ਨਾ ਹੀ ਇਸ ਨੂੰ ਚਲਾ ਰਹੀ ਹੈ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਤੋਂ ਕੋਈ ਨੋਟਿਸ ਮਿਲਿਆ ਹੈ। ਦੋਸ਼ਾਂ ਨੂੰ ‘ਬੇਬੁਨਿਆਦ’ ਕਰਾਰ ਦਿੰਦਿਆਂ ਨਾਗਰਾ ਨੇ ਕਿਹਾ, ‘ਇਹ ਮੰਦਭਾਗਾ ਹੈ ਕਿ ਉਹ ਬਿਨਾਂ ਕਿਸੇ ਮੁੱਦੇ ਤੋਂ ਝੂਠਾ ਪ੍ਰਚਾਰ ਕਰ ਰਹੇ ਹਨ, ਉਹ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਗਿਣੇ-ਮਿਥੇ ਢੰਗ ਨਾਲ ਕਿਸੇ ਨੂੰ ਸਿਰਫ਼ ਇਸ ਲਈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕ ਉਹ ਇਕ ਸਿਆਸੀ ਆਗੂ ਦੀ ਧੀ ਹੈ।’ ਜਦਕਿ ਕਾਂਗਰਸ ਨੇ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ। ਪਾਰਟੀ ਨੇ ਬਾਰ ਨੂੰ ਮਿਲੇ ਕਾਰਨ ਦੱਸੋ ਨੋਟਿਸ ਦੀ ਕਾਪੀ ਵੀ ਸਾਂਝੀ ਕੀਤੀ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਜਿਸ ਐਕਸਾਈਜ਼ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਸੀ, ਦਬਾਅ ਅਧੀਨ ਉਸ ਦੀ ਬਦਲੀ ਕਰ ਦਿੱਤੀ ਗਈ ਹੈ। ਖੇੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇਰਾਨੀ ਪਰਿਵਾਰ ਤੇ ਉਸ ਦੀ ਧੀ ਉਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਉਨ੍ਹਾਂ ਦੀ ਧੀ ਕਥਿਤ ਤੌਰ ‘ਤੇ ਗੋਆ ਵਿਚ ਰੇਸਤਰਾਂ ਚਲਾ ਰਹੀ ਹੈ, ਜਿਸ ਵਿਚਲਾ ਬਾਰ ‘ਜਾਅਲੀ ਲਾਇਸੈਂਸ’ ‘ਤੇ ਕੰਮ ਕਰ ਰਿਹਾ ਹੈ।

ਖੇੜਾ ਨੇ ਕਿਹਾ ਕਿ ‘ਸਮ੍ਰਿਤੀ ਇਰਾਨੀ ਦੀ ਧੀ ਕੋਲ ਜਿਹੜਾ ਲਾਇਸੈਂਸ ਹੈ ਉਹ ਉਸ ਵਿਅਕਤੀ ਦੇ ਨਾਂ ‘ਤੇ ਹੈ ਜਿਸ ਦੀ ਮਈ 2021 ਵਿਚ ਮੌਤ ਹੋ ਚੁੱਕੀ ਹੈ, ਤੇ ਲਾਇਸੈਂਸ ਗੋਆ ‘ਚ ਜੂਨ 2022 ਵਿਚ ਲਿਆ ਗਿਆ ਹੈ। ਪਰ ਜਿਸ ਦੇ ਨਾਂ ਉਤੇ ਲਾਇਸੈਂਸ ਹੈ, ਉਸ ਦੀ 13 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ, ਇਸ ਤਰ੍ਹਾਂ ਇਹ ਗੈਰਕਾਨੂੰਨੀ ਹੈ।’ ਉਨ੍ਹਾਂ ਕਿਹਾ ਕਿ ਗੋਆ ਦੇ ਨਿਯਮਾਂ ਮੁਤਾਬਕ ਇਕ ਰੇਸਤਰਾਂ ਸਿਰਫ਼ ਇਕੋ ਬਾਰ ਲਾਇਸੈਂਸ ਲੈ ਸਕਦਾ ਹੈ ਪਰ ਇਸ ਰੇਸਤਰਾਂ ਕੋਲ ਦੋ ਹਨ। ਕੇਂਦਰੀ ਮੰਤਰੀ ਇਰਾਨੀ ਵੱਲੋਂ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸੇਧਣ ਬਾਰੇ ਪੁੱਛੇ ਜਾਣ ‘ਤੇ ਖੇੜਾ ਨੇ ਕਿਹਾ ਕਿ ਇਕ ਅਖ਼ਬਾਰ ਚਲਾਉਣ ਜਿਹੇ ਚੰਗੇ ਕੰਮ ਅਤੇ ਗੋਆ ਵਿਚ ਗੈਰਕਾਨੂੰਨੀ ਬਾਰ ਚਲਾਉਣ ਵਿਚ ਬਹੁਤ ਫ਼ਰਕ ਹੈ। ਖੇੜਾ ਨੇ ਸਵਾਲ ਕੀਤਾ,’ਪਾਰਟੀ ਜਾਣਨਾ ਚਾਹੁੰਦੀ ਹੈ ਕਿ ਕਿਸ ਦੇ ਰਸੂਖ਼ ਨਾਲ ਇਹ ਸਭ ਕੀਤਾ ਗਿਆ ਹੈ, ਇਸ ਗੈਰਕਾਨੂੰਨੀ ਕੰਮ ਪਿੱਛੇ ਕੌਣ ਹੈ?’ ਇਰਾਨੀ ਦੀ ਧੀ ਦੀ ਵਕੀਲ ਨੇ ਦੱਸਿਆ ਕਿ ਜ਼ੋਇਸ਼ ਅਠਾਰਾਂ ਸਾਲ ਦੀ ਲੜਕੀ ਤੇ ਉੱਭਰਦੀ ਹੋਈ ਸ਼ੈੱਫ ਹੈ। ਉਸ ਨੇ ਖਾਣਾ ਬਣਾਉਣ ਦੀ ਕਲਾ ਸਿੱਖਣ ਲਈ ਕਈ ਜਗ੍ਹਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਉਚੇਰੀ ਪੜ੍ਹਾਈ ਦੀ ਤਿਆਰੀ ਕਰ ਰਹੀ ਹੈ।

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਨ ਕਿ ਇਰਾਨੀ ਨੂੰ ਕੈਬਨਿਟ ਵਿਚੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮੁੱਦਾ ਉਹ ਸੰਸਦ ਵਿਚ ਵੀ ਉਠਾਉਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਗੈਰਕਾਨੂੰਨੀ ਕੰਮ ਕੇਂਦਰੀ ਕੈਬਨਿਟ ਦੀ ਸੀਨੀਅਰ ਮੰਤਰੀ ਦੇ ਰਸੂਖ਼ ਤੋਂ ਬਿਨਾਂ ਨਹੀਂ ਹੋ ਸਕਦਾ। ਰਮੇਸ਼ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਰਾਹੁਲ ਗਾਂਧੀ ਬਾਰੇ ਹਰ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ, ‘ਪਰ ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਤਾਂ ਸਿਰਫ਼ ਅਖ਼ਬਾਰ ਚਲਾ ਰਹੇ ਹਾਂ ਤੇ ਤੁਸੀਂ ਇਕ ਗੈਰਕਾਨੂੰਨੀ ਬਾਰ ਚਲਾ ਰਹੇ ਹੋ’। ਖੇੜਾ ਨੇ ਦੋਸ਼ ਲਾਇਆ ਕਿ ਬਾਰ ਦੁਆਲੇ ਪ੍ਰਾਈਵੇਟ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਮੀਡੀਆ ਨੂੰ ਦੂਰ ਰੱਖਿਆ ਜਾ ਸਕੇ।

ਪਵਨ ਖੇੜਾ ਨੇ ਮਗਰੋਂ ਟਵੀਟ ਕਰ ਕੇ ਸਵਾਲ ਕੀਤਾ ਕਿ, ‘ਕਿਹੜੀ ਸਮ੍ਰਿਤੀ ਇਰਾਨੀ ਝੂਠ ਬੋਲ ਰਹੀ ਹੈ? ਉਹ ਜਿਹੜੀ 14 ਅਪਰੈਲ, 2022 ਨੂੰ ਆਪਣੀ ਧੀ ਦੇ ਰੈਸਤਰਾਂ ਉਤੇ ਮਾਣ ਕਰ ਰਹੀ ਸੀ ਜਾਂ ਉਹ ਜਿਹੜੀ ਕਹਿ ਰਹੀ ਹੈ ਕਿ ਉਸ ਦੀ ਧੀ ਦਾ ਸਿਲੀ ਸੋਲਜ਼ ਬਾਰ ਐਂਡ ਕੈਫੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਗੋਆ ਕਾਂਗਰਸ ਦੇ ਪ੍ਰਧਾਨ ਅਮਿਤ ਪਾਟਕਰ ਨੇ ਵੀ ਇਕ ਯੂਟਿਊਬ ਵੀਡੀਓ ਟਵੀਟ ਕੀਤੀ ਜਿਸ ਵਿਚ ਇਰਾਨੀ ਦੀ ਧੀ ਇਸ ਬਾਰ ਤੇ ਕੈਫੇ ਬਾਰੇ ਗੱਲ ਕਰ ਰਹੀ ਹੈ। -ਪੀਟੀਆਈ

ਮੇਰੀ ਧੀ ਖ਼ਿਲਾਫ਼ ਦੋਸ਼ ਮੰਦ ਭਾਵਨਾ ਤੋਂ ਪ੍ਰੇਰਿਤ: ਸਮ੍ਰਿਤੀ ਇਰਾਨੀ

ਨਵੀਂ ਦਿੱਲੀ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਧੀ ਉਤੇ ਲੱਗੇ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਮੰਦ ਭਾਵਨਾ ਤੋਂ ਪ੍ਰੇਰਿਤ ਹਨ। ਦੋਸ਼ਾਂ ਬਾਰੇ ਸਮ੍ਰਿਤੀ ਨੇ ਕਿਹਾ ਕਿ ਉਹ ਅਦਾਲਤ ਤੇ ਲੋਕਾਂ ਦੀ ਕਚਹਿਰੀ ‘ਚ ਜਾ ਕੇ ਜਵਾਬ ਮੰਗੇਗੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥਣ ਨੂੰ ਇਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ‘ਉਸ ਦੀ ਮਾਂ ਨੇ ਨੈਸ਼ਨਲ ਹੈਰਾਲਡ ਕੇਸ ‘ਚ ‘5000 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ’ ਵਿਚ ਸੋਨੀਆ ਤੇ ਰਾਹੁਲ ਗਾਂਧੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।’ ਇਰਾਨੀ ਨੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ ਕਿ ਕਾਂਗਰਸ ਨੇ ਉਸ ਦੀ ਧੀ ਦੇ ਕਿਰਦਾਰ ਉਤੇ ਹਮਲਾ ਕੀਤਾ ਹੈ ਅਤੇ ਜਨਤਕ ਤੌਰ ‘ਤੇ ਉਸ ‘ਤੇ ਸੱਟ ਮਾਰੀ ਹੈ’। ਇਰਾਨੀ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਕਿ ਜੇ ਕੁਝ ਗਲਤ ਹੈ ਤਾਂ ਉਹ ਸਬੂਤ ਦਿਖਾਉਣ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਧੀ 18 ਸਾਲਾਂ ਦੀ ਹੈ ਤੇ ਕਾਲਜ ਜਾਂਦੀ ਹੈ। ਉਹ ਕੋਈ ਬਾਰ ਨਹੀਂ ਚਲਾਉਂਦੀ। ਸਮ੍ਰਿਤੀ ਇਰਾਨੀ ਨੇ ਕਿਹਾ, ‘ਮੇਰੀ ਧੀ ਦਾ ਦੋਸ਼ ਸਿਰਫ਼ ਐਨਾ ਹੈ ਕਿ ਮੈਂ ਸੋਨੀਆ ਤੇ ਰਾਹੁਲ ਗਾਂਧੀ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਤੇ ਮੈਂ ਰਾਹੁਲ ਖ਼ਿਲਾਫ਼ ਲੋਕ ਸਭਾ ਚੋਣ ਵੀ ਲੜੀ।’ ਭਾਜਪਾ ਆਗੂ ਨੇ ਰਾਹੁਲ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਖ਼ਿਲਾਫ਼ 2024 ਵਿਚ ਅਮੇਠੀ ਤੋਂ ਚੋਣ ਲੜਨ, ਉਹ ਕਾਂਗਰਸ ਆਗੂ ਨੂੰ ਮੁੜ ਹਰਾਏਗੀ। -ਪੀਟੀਆਈ



Source link