ਊਧਮਪੁਰ/ਜੰਮੂ, 4 ਅਗਸਤ
ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਪੁਲੀਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇਕ ਨਸ਼ਾ ਤਸਕਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ 1.91 ਕਰੋੜ ਦੀ ਨਗਦੀ ਬਰਾਮਦ ਹੋਈ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਪੁਲੀਸ ਪਾਰਟੀ ਗਸ਼ਤ ‘ਤੇ ਸੀ। ਇਸੇ ਦੌਰਾਨ ਉਨ੍ਹਾਂ ਊਧਮਪੁਰ ਦੇ ਗੋਲ ਮੇਲਾ ਪੈਟਰੋਲ ਸਟੇਸ਼ਨ ਨੇੜੇ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਘੁੰਮਦੇ ਦਿਖਾਈ ਦਿੱਤੇ। ਜਿਉਂ ਹੀ ਪੁਲੀਸ ਪਾਰਟੀ ਉਨ੍ਹਾਂ ਵੱਲ ਵਧੀ ਉਹ ਭੱਜ ਪਏ। ਇਸੇ ਦੌਰਾਨ ਇਕ ਵਿਅਕਤੀ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੂਜੇ ਨੂੰ ਕਾਬੂ ਕਰ ਲਿਆ ਜਿਸ ਕੋਲੋਂ 1.91 ਕਰੋੜ ਰੁਪਏ ਬਰਾਮਦ ਹੋਏ ਹਨ। ੲੇਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਮੁੱਢਲੀ ਪੁਛਗਿਛ ਵਿੱਚ ਪਤਾ ਲੱਗਿਆ ਹੈ ਕਿ ਦੋਵੇਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਦੇ ਸਨ। ਮ੍ਰਿਤਕ ਦੀ ਪਛਾਣ ਮੁਖਤਿਆਰ ਅਹਿਮਦ ਤੇ ਫੜੇ ਗਏ ਉਸ ਦੇ ਸਾਥੀ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। -ਏਜੰਸੀ