ਲੋਕ ਪੂਰੀ ਵਾਹ ਲਾ ਕੇ ਆਜ਼ਾਦੀ ਦੀ ਰੱਖਿਆ ਕਰਨ: ਸੋਨੀਆ

ਲੋਕ ਪੂਰੀ ਵਾਹ ਲਾ ਕੇ ਆਜ਼ਾਦੀ ਦੀ ਰੱਖਿਆ ਕਰਨ: ਸੋਨੀਆ


ਨਵੀਂ ਦਿੱਲੀ, 9 ਅਗਸਤ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਨੂੰ ਨਸੀਹਤ ਦਿੱਤੀ ਕਿ ਉਹ ਦੇਸ਼ ਆਜ਼ਾਦੀ ਦੀ ਪੈਰਵੀ ਲਈ ਆਪਣੀ ਪੂਰੀ ਵਾਹ ਲਾਉਣ। ਵਿਰੋਧੀ ਪਾਰਟੀ ਨੇ ਆਰਐੱਸਐੱਸ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਉਸ ਮੌਕੇ ਸੰਘ ਨੇ ਵੀ ਬਰਤਾਨਵੀ ਸਰਕਾਰ ਵੱਲੋਂ ਕੀਤੇ ਜਾਂਦੇ ਦਮਨ ਦੀ ਕਥਿਤ ਹਮਾਇਤ ਕੀਤੀ ਸੀ। ਸ੍ਰੀਮਤੀ ਗਾਂਧੀ ਨੇ ਇਕ ਸੁਨੇਹੇ ਵਿੱਚ ਕਿਹਾ ਕਿ ਅੱਜ ਦੇ ਇਸ ਇਤਿਹਾਸਕ ਦਿਨ ਜਦੋਂ ਲੱਖਾਂ ਕਾਂਗਰਸੀ ਵਰਕਰਾਂ ਨੂੰ ਮਾਰਿਆ ਕੁੱਟਿਆ ਗਿਆ ਤੇ ਜੇਲ੍ਹੀਂ ਡੱਕਿਆ ਗਿਆ, ਅਰੁਣਾ ਆਸਿਫ਼ ਅਲੀ ਨੇ ਕੌਮੀ ਝੰਡਾ ਹਵਾ ਵਿੱਚ ਲਹਿਰਾਇਆ। ਉਨ੍ਹਾਂ ਵੱਲੋਂ ਵਿਖਾਈ ਦਲੇਰੀ ਆਜ਼ਾਦੀ ਲਈ ਸਾਡੀ ਭਾਲ ਦੀ ਪ੍ਰਤੀਕ ਬਣੀ। ਉਨ੍ਹਾਂ ਕਿਹਾ, ”ਅੱਜ ਜਦੋਂ ਅਸੀਂ ਮਹਾਤਮਾ ਗਾਂਧੀ ਦੀ ਅਗਵਾਈ ਵਾਲੇ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰ ਰਹੇ ਹਾਂ, ਅਸੀਂ ਲੱਖਾਂ ਦੇਸ਼ ਵਾਸੀਆਂ ਤੇ ਮਹਿਲਾਵਾਂ ਵੱਲੋਂ ਭਾਰਤ ਦੀ ਆਜ਼ਾਦੀ ਲਈ ਤਾਰੀ ਕੀਮਤ ਨੂੰ ਨਾ ਭੁੱਲੀਏ। ਆਜ਼ਾਦੀ ਨੂੰ ਕਾਇਮ ਰੱਖਣ ਦੇ ਆਪਣੇ ਅਕੀਦੇ ਨੂੰ ਮੁੜ ਦੁਹਰਾਈਏ ਤੇ ਆਪਣੀ ਪੂਰੀ ਤਾਕਤ ਨਾਲ ਇਸ ਦੀ ਰੱਖਿਆ ਕਰੀਏ।” ਉਧਰ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੇ ਟਵੀਟ ਵਿੱਚ ਕਿਹਾ, ”ਦੇਸ਼ ਜਦੋਂ ਕਾਂਗਰਸ ਲੀਡਰਸ਼ਿਪ ਦੀ ਅਗਵਾਈ ਵਿੱਚ ਬਰਤਾਨਵੀ ਸ਼ਾਸਕਾਂ ਖਿਲਾਫ਼ ਫੈਸਲਾਕੁਨ ਲੜਾਈ ਵਿੱਚ ਰੁੱਝਾ ਸੀ, ਆਰਐੱਸਐੱਸ ਨੇ ਨਾ ਸਿਰਫ਼ ਭਾਰਤ ਛੱਡੋ ਅੰਦੋਲਨ ਦਾ ਬਾਈਕਾਟ ਕੀਤਾ ਬਲਕਿ ਪੂਰੀ ਸਰਗਰਮੀ ਨਾਲ ਬ੍ਰਿਟਿਸ਼ ਦੀ ਹਮਾਇਤ ਕੀਤੀ।” -ਪੀਟੀਆਈ

ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ 7 ਸਤੰਬਰ ਤੋਂ

ਨਵੀਂ ਦਿੱਲੀ: ਕਾਂਗਰਸ ਨੇ ਸੱਤ ਸਤੰਬਰ ਤੋਂ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ ‘ਚ ਸਮਾਪਤ ਹੋਵੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 80 ਸਾਲ ਪਹਿਲਾਂ ਅੱਜ ਦੇ ਦਿਨ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਨੇ ‘ਭਾਰਤ ਛੱਡੋ’ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਨੇ ਪੰਜ ਸਾਲ ਬਾਅਦ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ। ਅੱਜ ਕਾਂਗਰਸ ਨੇ 7 ਸਤੰਬਰ 2022 ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈSource link