ਗੈਂਗਸਟਰਾਂ ਦਾ ਸਹਿਯੋਗੀ ਅਤਿਵਾਦੀ ਕਾਬੂ

ਗੈਂਗਸਟਰਾਂ ਦਾ ਸਹਿਯੋਗੀ ਅਤਿਵਾਦੀ ਕਾਬੂ


ਹਤਿੰਦਰ ਮਹਿਤਾ

ਆਦਮਪੁਰ ਦੋਆਬਾ (ਜਲੰਧਰ), 1 ਅਕਤੂਬਰ

ਪੰਜਾਬ ਪੁਲੀਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਨ ਵਾਲੇ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਅਤਿਵਾਦੀ ਨੂੰ ਆਈਐੱਸਆਈ ਦੀ ਹਮਾਇਤ ਪ੍ਰਾਪਤ ਹੈ। ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਜੋਗੇਵਾਲ ਦੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਵਜੋਂ ਹੋਈ ਹੈ। ਇਹ ਕਾਰਵਾਈ ਏਆਈਜੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਕਾਊਂਟਰ ਇੰਟੈਲੀਜੈਂਸ ਜਲੰਧਰ ਟੀਮ ਵੱਲੋਂ ਕੀਤੀ ਗਈ। ਪੁਲੀਸ ਨੇ ਇਨ੍ਹਾਂ ਦੇ ਸਾਥੀਆਂ ਬਲਜੀਤ ਸਿੰਘ ਮੱਲੀ ਅਤੇ ਗੁਰਬਖਸ਼ ਸਿੰਘ ਉਰਫ ਗੋਰਾ ਸੰਧੂ ਨੂੰ ਅੱਠ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਗੁਰਬਖਸ਼ ਸਿੰਘ ਵੱਲੋਂ ਉਸ ਦੇ ਪਿੰਡ ਵਿੱਚ ਦੱਸੇ ਟਿਕਾਣੇ ਤੋਂ ਦੋ ਮੈਗਜ਼ੀਨ, 90 ਕਾਰਤੂਸ ਅਤੇ ਦੋ ਖੋਲ ਸਮੇਤ ਇੱਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਸੀ। ਡੀਜੀਪੀ ਨੇ ਦੱਸਿਆ ਕਿ ਬਲਜੀਤ ਮੱਲੀ ਦੇ ਖੁਲਾਸੇ ਤੋਂ ਬਾਅਦ ਪੁਲੀਸ ਟੀਮ ਨੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜੋ ਇਟਲੀ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਕੈਨੇਡਾ ਦੇ ਗੈਂਗਸਟਰ ਲਖਬੀਰ ਲੰਡਾ ਦੇ ਸੰਪਰਕ ਵਿੱਚ ਵੀ ਸੀ।

ਅਮਰੀਕਾ ਰਹਿੰਦੇ ਗੈਂਗਸਟਰ ਕਾਹਲੋਂ ਦਾ ਸਾਥੀ ਕਾਬੂ

ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ ਜ਼ਿਲ੍ਹਾ ਪੁਲੀਸ ਦੀ ਸੂਚਨਾ ਦੇ ਆਧਾਰ ‘ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐਫ਼) ਅੰਬਾਲਾ ਵੱਲੋਂ ਅਮਰੀਕਾ ਰਹਿੰਦੇ ਨਾਮੀ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਦੇ ਇਕ ਹੋਰ ਸਾਥੀ ਮੁਕੇਸ਼ ਕੁਮਾਰ ਵਾਸੀ ਜੰਬਾ ਥਾਣਾ ਨੀਲੋਖੇੜੀ (ਕਰਨਾਲ) ਨੂੰ ਚਾਰ ਵਿਦੇਸ਼ੀ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ| ਦਰਮਨਜੋਤ ਸਿੰਘ ਦੇ ਇਕ ਸਾਥੀ ਪਰਮਿੰਦਰ ਸਿੰਘ ਪਿੰਦੀ ਵਾਸੀ ਹਰਸੀਆਂ (ਬਟਾਲਾ) ਨੂੰ ਦਸ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਿਆਣਾ ਐੱਸਟੀਐਫ਼ ਵੱਲੋਂ ਗ੍ਰਿਫ਼ਤਾਰ ਕੀਤੇ ਮੁਕੇਸ਼ ਕੁਮਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏ ਜਾਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ।



Source link