ਸੰਗਰੂਰ; ਬੇਮਿਆਦੀ ਮਰਨ ਵਰਤ ਦੇ ਤੀਜੇ ਵੀ ਡਟੇ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਅਧਿਆਪਕ


ਗੁਰਦੀਪ ਸਿੰਘ ਲਾਲੀ

ਸੰਗਰੂਰ, 4 ਅਕਤੂਬਰ

ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ‘ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਸ਼ੁਰੂ ਕੀਤਾ ਮਰਨ ਵਰਤ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਲਗਾਤਾਰ ਤੀਜੇ ਦਿਨ ਵੀ ਮਰਨ ਵਰਤ ‘ਤੇ ਡਟੇ ਹੋਏ ਹਨ। ਮਰਨ ਵਰਤ ਕੈਂਪ ਵਿਚ ਸਾਥੀ ਬੇਰੁਜ਼ਗਾਰ ਅਧਿਆਪਕ ਵੀ ਹਮਾਇਤ ਵਿਚ ਰੋਸ ਧਰਨੇ ‘ਤੇ ਬੈਠੇ ਹਨ। ਅੱਜ ਪੰਜਾਬ ਰਾਜ ਬਿਜਲੀ ਬੋਰਡ ਦੇ ਜੁਆਇੰਟ ਫੋਰਮ ਪੰਜਾਬ ਦੇ ਆਗੂਆਂ ਅਸ਼ਵਨੀ ਸ਼ਰਮਾ ਅਤੇ ਫਲਜੀਤ ਸਿੰਘ ਨੇ ਮਰਨ ਵਰਤ ਕੈਂਪ ਵਿਚ ਸ਼ਮੂਲੀਅਤ ਕਰਕੇ ਬੇਰੁਜ਼ਗਾਰ ਅਧਿਆਪਕਾਂ ਦੀ ਸੰਘਰਸ਼ ਦੀ ਹਮਾਇਤ ਕੀਤੀ। ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੈਸ ਸਕੱਤਰ ਗੁਰਸਿਮਰਤ ਮਲੇਰਕੋਟਲਾ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਦੋ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮਰਨ ਵਰਤ ‘ਤੇ ਬੈਠੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ।ਅੱਜ ਸੁਰਿੰਦਰਪਾਲ ਗੁਰਦਾਸਪੁਰ ਦੀ ਸਿਹਤ ਵਿਗੜ ਰਹੀ ਹੈ। ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਈਟੀਟੀ ਟੈੱਟ ਪਾਸ 2364 ਅਧਿਆਪਕਾਂ ਦੀ ਭਰਤੀ ਨੂੰ ਬਹਾਲ ਕਰਾਉਣ ਲਈ ਸਰਕਾਰ ਵਲੋਂ ਅਦਾਲਤ ਵਿਚ ਹਲਮਨਾਮਾ ਦਾਇਰ ਨਹੀਂ ਕੀਤਾ ਜਾ ਰਿਹਾ। ਬੇਰੁਜ਼ਗਾਰ ਅਧਿਆਪਕ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਕੇ ਮੰਗ ਕਰ ਚੁੱਕੇ ਹਨ ਜਿਨ੍ਹਾਂ ਵਲੋਂ ਸਿਰਫ਼ ਭਰੋਸਾ ਹੀ ਦਿਵਾਇਆ ਗਿਆ ਜਦੋਂ ਕਿ ਅਮਲੀ ਰੂਪ ‘ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਉਹ ਸੰਘਰਸ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ ਅਤੇ ਹੱਕ ਲੈ ਕੇ ਘਰਾਂ ਨੂੰ ਪਰਤਣਗੇ। ਇਸ ਮੌਕੇ ਗੁਰਪ੍ਰੀਤ ਸਮਾਣਾ, ਕੁਲਦੀਪ ਚਾਹਲ ਸੰਗਰੂਰ, ਜਗਪਾਲ ਬਠਿੰਡਾ, ਗਗਨ ਮਾਨਸਾ, ਸੁਖਜੀਤ ਪਟਿਆਲਾ ਅਤੇ ਹੋਰ ਸਾਥੀ ਮੌਜੂਦ ਸਨ।Source link