ਜੰਮੂ ਵਿੱਚ ਕਸ਼ਮੀਰੀ ਪੰਡਿਤ ਦਾ ਅੰਤਿਮ ਸੰਸਕਾਰ

ਜੰਮੂ ਵਿੱਚ ਕਸ਼ਮੀਰੀ ਪੰਡਿਤ ਦਾ ਅੰਤਿਮ ਸੰਸਕਾਰ


ਜੰਮੂ, 16 ਅਕਤੂਬਰ

ਕਸ਼ਮੀਰੀ ਪੰਡਿਤ ਪੂਰਨ ਕ੍ਰਿਸ਼ਨ ਭੱਟ ਦਾ ਅੱਜ ਇਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭੱਟ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਮੌਜੂਦ ਸਨ। ਦਹਿਸ਼ਤਗਰਦਾਂ ਨੇ ਭੱਟ ਦੀ ਲੰਘੇ ਦਿਨ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਚੌਧਰੀ ਗੁੰਡ ਖੇਤਰ ਵਿੱਚ ਉਨ੍ਹਾਂ ਦੇ ਪਿੱਤਰੀ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭੱਟ ਦੀ ਦੇਹ ਸ਼ਨਿੱਚਰਵਾਰ ਰਾਤ ਨੂੰ ਉਨ੍ਹਾਂ ਦੀ ਜੰਮੂ ਵਿਚਲੀ ਮੁੱਠੀ ਰਿਹਾਇਸ਼ ‘ਤੇ ਲਿਆਂਦੀ ਗਈ ਸੀ। ਭੱਟ ਦੇ ਦੋ ਬੱਚਿਆਂ- ਸ਼੍ਰੀਆ (ਧੀ) ਤੇ ਸ਼ਾਨੂ (ਪੁੱਤਰ) ਨੇ ਬਾਨ ਤਲਾਬ ਸ਼ਮਸ਼ਾਨਘਾਟ ਵਿਖੇ ਪਿਤਾ ਦੀ ਦੇਹ ਨੂੰ ਅਗਨੀ ਵਿਖਾਈ। ਇਸ ਮੌਕੇ ਉਥੇ ਮੌਜੂਦਾ ਲੋਕਾਂ ਨੇ ਪਾਕਿਸਤਾਨ ਤੇ ਪ੍ਰਸ਼ਾਸਨ ਵਿਰੋਧੀ ਨਾਅਰੇ ਲਾਏ। ਭਾਈਚਾਰੇ ਦੇ ਮੈਂਬਰਾਂ ਨੇ ਭੱਟ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਤੇ ਪਰਿਵਾਰ ਨੂੰ 50 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਲਾਤ ਆਮ ਹੋਣ ਤੱਕ ਹਿੰਦੂ ਮੁਲਾਜ਼ਮਾਂ ਨੂੰ ਵਾਦੀ ਤੋਂ ਬਾਹਰ ਤਾਇਨਾਤ ਕੀਤਾ ਜਾਵੇ।

ਇਸ ਦੌਰਾਨ ਭੱਟ ਦੀ ਹੱਤਿਆ ਦੇ ਰੋਸ ਵਜੋਂ ਕਸ਼ਮੀਰ ਵਾਦੀ ਵਿੱਚ ਵੀ ਵੱਖ ਵੱਖ ਥਾਈਂ ਮੋਮਬੱਤੀ ਮਾਰਚ ਕੱਢੇ ਗਏ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ, ਬਾਰਾਮੁੱਲਾ, ਬਾਂਦੀਪੋਰਾ, ਅਨੰਤਨਾਗ, ਕੁਲਗਾਮ, ਕੁਪਵਾੜਾ, ਗੰਦਰਬਲ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਨ੍ਹਾਂ ਮਾਰਚਾਂ ਵਿੱਚ ਸ਼ਾਮਲ ਹੋਏ ਤੇ ਪੀੜਤ ਪਰਿਵਾਰ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। -ਪੀਟੀਆਈ

‘ਆਪ’ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ

ਜੰਮੂ: ਵਾਦੀ ਵਿੱਚ ਕਸ਼ਮੀਰੀ ਪੰਡਿਤ ਦੀ ਹੱਤਿਆ ਦੇ ਰੋਸ ਵਜੋਂ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਈਂ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਆਪ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰੈੱਸ ਕਲੱਬ ਦੇ ਬਾਹਰ ਕੀਤੇ ਪ੍ਰਦਰਸ਼ਨਾਂ ਦੌਰਾਨ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਮਗਰੋਂ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਧਰ ਕਾਂਗਰਸੀ ਤੇ ਸ਼ਿਵ ਸੈਨਾ ਕਾਰਕੁਨਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। -ਪੀਟੀਆਈ



Source link