ਯੂਕਰੇਨ ਤੋਂ ਅਨਾਜ ਬਾਹਰ ਭੇਜਣ ਬਾਰੇ ਸਮਝੌਤਾ ਰੂਸ ਨੇ ਤੋੜਿਆ


ਕੀਵ, 30 ਅਕਤੂਬਰ

ਸੰਯੁਕਤ ਰਾਸ਼ਟਰ ਵੱਲੋਂ ਰੂਸ ਦਾ ਯੂਕਰੇਨ ਨਾਲ ਅਨਾਜ ਦੀ ਬਰਾਮਦਗੀ ਬਾਰੇ ਕਰਾਇਆ ਗਿਆ ਸਮਝੌਤਾ ਰੂਸ ਨੇ ਰੱਦ ਕਰ ਦਿੱਤਾ ਹੈ। ਇਸ ਸਮਝੌਤੇ ਦੇ ਸਿਰ ‘ਤੇ ਹੀ ਜੰਗ ਦੌਰਾਨ 90 ਲੱਖ ਟਨ ਅਨਾਜ ਯੂਕਰੇਨ ਵਿਚੋਂ ਬਾਹਰ ਭੇਜਿਆ ਜਾ ਸਕਿਆ ਹੈ। ਅਨਾਜ ਬਰਾਮਦ ਹੋਣ ਕਾਰਨ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ਥੋੜ੍ਹੀਆਂ ਹੇਠਾਂ ਆਈਆਂ ਸਨ। ਯੂਕਰੇਨ ਨੇ ਰੂਸ ਉਤੇ ਦੁਨੀਆ ‘ਚ ‘ਹੰਗਰ ਗੇਮਜ਼’ ਖੇਡਣ ਦਾ ਦੋਸ਼ ਲਾਇਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਨੇ ਡਰੋਨ ਹਮਲੇ ਕਰ ਕੇ ਕਾਲੇ ਸਾਗਰ ਵਿਚ ਰੂਸ ਦੇ ਜਹਾਜ਼ਾਂ ਦੀ ਫਲੀਟ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿਚ ਬਰਤਾਨਵੀ ਮਾਹਿਰ ਵੀ ਸ਼ਾਮਲ ਸਨ। ਹਮਲੇ ਦਾ ਹਵਾਲਾ ਦੇ ਕੇ ਰੂਸ ਨੇ ਅਨਾਜ ਸਮਝੌਤਾ ਰੱਦ ਕਰ ਦਿੱਤਾ ਹੈ, ਜਦਕਿ ਯੂਕਰੇਨ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਕੋਲ ਆਪਣੇ ਹਥਿਆਰ ਹੀ ਸੰਭਾਲੇ ਨਹੀਂ ਜਾ ਰਹੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਨ੍ਹਾਂ ਤੇ ਤੁਰਕੀ ਵੱਲੋਂ ਕਰਵਾਏ ਗਏ ਸਮਝੌਤੇ ਕਾਰਨ ਅਰਬਾਂ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਈ ਸੀ। ਗੁਟੇਰੇਜ਼ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਮਨੁੱਖਤਾ ਖਾਤਰ ਇਹ ਸਮਝੌਤਾ ਕਾਇਮ ਰਹਿਣਾ ਜ਼ਰੂਰੀ ਹੈ। ਅਰਬਾਂ ਲੋਕਾਂ ਤੱਕ ਇਸੇ ਨਾਲ ਭੋਜਨ ਪਹੁੰਚ ਰਿਹਾ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਦਾ ਇਹ ਕਦਮ ਅਫ਼ਰੀਕਾ ਤੇ ਏਸ਼ੀਆ ਵਿਚ ਭੁੱਖਮਰੀ ਪੈਦਾ ਕਰਨ ਦਾ ਸਪੱਸ਼ਟ ਯਤਨ ਹੈ। -ਏਪੀ

ਲੋਕਾਂ ਨੂੰ ਭੁੱਖੇ ਰਹਿਣ ਲਈ ਮਜਬੂਰ ਕਰ ਰਿਹੈ ਰੂਸ: ਅਮਰੀਕਾ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੂਸ ਦੇ ਕਦਮ ਨੂੰ ਅਫ਼ਸੋਸਜਨਕ ਕਰਾਰ ਦਿੱਤਾ ਹੈ ਤੇ ‘ਸਾਰੀਆਂ ਸਬੰਧਤ ਧਿਰਾਂ ਨੂੰ ਇਸ ਜ਼ਰੂਰੀ, ਜੀਵਨ ਰੱਖਿਅਕ ਉੱਦਮ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਹੈ।’ ਬਲਿੰਕਨ ਨੇ ਕਿਹਾ ਕਿ ਰੂਸ ਵੱਲੋਂ ਚੁੱਕਿਆ ਗਿਆ ਇਹ ਕਦਮ ਆਪਣੇ ਆਪ ‘ਚ ਬਿਆਨ ਕਰਦਾ ਹੈ ਕਿ ਉਹ ਚਾਹੁੰਦੇ ਹਨ ਕਿ ਦੁਨੀਆ ਭਰ ਵਿਚ ਲੋਕਾਂ ਨੂੰ ਖਾਣੇ ਲਈ ਜ਼ਿਆਦਾ ਪੈਸੇ ਦੇਣੇ ਪੈਣ ਜਾਂ ਫਿਰ ਉਹ ਭੁੱਖੇ ਰਹਿਣ। -ਏਪੀSource link