ਦੀਪਕ ਟੀਨੂ ਮਾਮਲਾ: ਜਿਮ ਮਾਲਕ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ


ਦਰਸ਼ਨ ਸਿੰਘ ਸੋਢੀ

ਐਸਏਐਸ ਨਗਰ (ਮੁਹਾਲੀ), 2 ਨਵੰਬਰ

ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਲੁਧਿਆਣਾ ਜਿਮ ਦੇ ਮਾਲਕ ਕੁਲਦੀਪ ਸਿੰਘ ਕੋਹਲੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਅੱਜ ਕੁਲਦੀਪ ਕੋਹਲੀ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵੱਲੋਂ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਜਿਮ ਮਾਲਕ ਕੋਹਲੀ ‘ਤੇ ਗੈਂਗਸਟਰ ਦੀਪਕ ਟੀਨੂ ਨੂੰ ਪੰਜਾਬ ਪੁਲੀਸ ਦੀ ਹਿਰਾਸਤ ‘ਚੋਂ ਭੱਜਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਹੁਣ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਨੇ ਮੁਹਾਲੀ ਵਿੱਚ ਇੱਕ ਹੋਰ ਨਵਾਂ ਅਪਰਾਧਕ ਕੇਸ ਦਰਜ ਕੀਤਾ ਹੈ, ਜਿਸ ਵਿੱਚ ਕੋਹਲੀ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਪੁਲੀਸ ਅਨੁਸਾਰ ਕੁਲਦੀਪ ਕੋਹਲੀ ਜਿਮ ਦੇ ਨਾਂ ‘ਤੇ ਨਸ਼ਾ ਸਪਲਾਈ ਕਰਨ ਦਾ ਧੰਦਾ ਕਰਦਾ ਸੀ। ਇਸ ਦੌਰਾਨ ਪੁਲੀਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਉਹ ਗੈਂਗਸਟਰ ਦੀਪਕ ਟੀਨੂ ਦਾ ਨੇੜਲਾ ਸਾਥੀ ਹੈ ਤੇ ਪੁਲੀਸ ਹਿਰਾਸਤ ‘ਚੋਂ ਭੱਜਣ ਵਿੱਚ ਉਸ ਨੇ ਟੀਨੂ ਦੀ ਮਦਦ ਕੀਤੀ ਸੀ। ਪੁਲੀਸ ਅਨੁਸਾਰ ਦੀਪਕ ਟੀਨੂ ਨੇ ਬੀਤੀ ਪਹਿਲੀ ਅਕਤੂਬਰ ਨੂੰ ਕੁਲਦੀਪ ਕੋਹਲੀ ਨੂੰ ਇੱਕ ਔਰਤ ਨੂੰ ਭੇਜਣ ਲਈ ਕਿਹਾ ਸੀ, ਜਿਸ ਨੇ ਸੀਆਈਏ ਸਟਾਫ਼ ਮਾਨਸਾ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਟੀਨੂ ਦੀ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਕੋਹਲੀ ਨੇ ਹੀ ਉਕਤ ਔਰਤ ਨੂੰ ਕੱਪੜਿਆਂ ਨਾਲ ਭਰਿਆ ਬੈਗ ਦਿੱਤਾ ਸੀ। ਜਾਣਕਾਰੀ ਅਨੁਸਾਰ ਜਿਮ ਮਾਲਕ ਪਿਛਲੇ ਦੋ ਸਾਲਾਂ ਤੋਂ ਦੀਪਕ ਟੀਨੂ ਦੇ ਸੰਪਰਕ ਵਿੱਚ ਸੀ। ਉਂਜ ਉਨ੍ਹਾਂ ਦੀ ਮੁਲਾਕਾਤ ਕਪੂਰਥਲਾ ਜੇਲ੍ਹ ਵਿੱਚ ਹੋਈ ਸੀ। ਕੁਲਦੀਪ ਕੋਹਲੀ ਨੂੰ ਪਿਛਲੇ ਸਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ, ਜਿਸ ਮਗਰੋਂ ਉਹ ਹਰਿਆਣਾ ਰਹਿੰਦੇ ਦੀਪਕ ਟੀਨੂ ਦੇ ਸਾਥੀਆਂ ਨਾਲ ਰਲ ਕੇ ਸਰਹੱਦ ਪਾਰੋਂ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਵਿੱਚ ਸ਼ਾਮਲ ਹੋ ਗਿਆ।Source link