ਮਹਾਰਾਸ਼ਟਰ ਦਾ ਸਿਆਸੀ ਮਾਹੌਲ ਖ਼ਰਾਬ ਹੋਇਆ: ਰਾਊਤ

ਮਹਾਰਾਸ਼ਟਰ ਦਾ ਸਿਆਸੀ ਮਾਹੌਲ ਖ਼ਰਾਬ ਹੋਇਆ: ਰਾਊਤ


ਮੁੰਬਈ, 13 ਨਵੰਬਰ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਦਾ ਸਿਆਸੀ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਬਹੁਤੇ ਆਗੂ ਇੱਕ-ਦੂਜੇ ਨੂੰ ਖ਼ਤਮ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 9 ਨਵੰਬਰ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਦਾ ਮੁੜ ਅਹਿਸਾਸ ਹੋਇਆ। ਜ਼ਿਕਰਯੋਗ ਹੈ ਕਿ ਪਹਿਲੀ ਅਗਸਤ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਜ ਸਭਾ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ 9 ਨਵੰਬਰ ਨੂੰ ਮੁੰਬਈ ਦੀ ਇੱਕ ਅਦਾਲਤ ਤੋਂ ਉਸ ਨੂੰ ਜ਼ਮਾਨਤ ਮਿਲ ਗਈ। ਅੱਜ ਉਨ੍ਹਾਂ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਅਖਬਾਰ ‘ਸਾਮਨਾ’ ਵਿੱਚ ਹਫਤਾਵਰੀ ਕਾਲਮ ‘ਰੋਕਟੋਕ’ ਮੁੜ ਸ਼ੁਰੂ ਕੀਤਾ। ਇਸ ਦੌਰਾਨ ਰਾਊਤ ਨੇ ਕਿਹਾ, ”ਹਰ ਪਾਸੇ ਨਫ਼ਰਤ ਦੀ ਭਾਵਨਾ ਹੈ। ਸਿਆਸਤਦਾਨ ਹੁਣ ਅਜਿਹੇ ਪੱਧਰ ਤੱਕ ਪਹੁੰਚ ਗਏ ਹਨ, ਜਿੱਥੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਵਿਰੋਧੀ ਜਿਊਂਦੇ ਵੀ ਰਹਿਣ। ਮਹਾਰਾਸ਼ਟਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੂਸ਼ਿਤ ਹੋ ਗਿਆ ਹੈ, ਜਿੱਥੇ ਲੋਕ ਇੱਕ-ਦੂਜੇ ਨੂੰ ਖ਼ਤਮ ਕਰਨ ਲਈ ਤਿਆਰ ਹਨ।” ਉਨ੍ਹਾਂ ਕਿਹਾ, ”ਲੋਕਤੰਤਰ ਅਤੇ ਆਜ਼ਾਦੀ ਹੁਣ ਸਿਰਫ ਨਾਮ ਦੇ ਹੀ ਰਹਿ ਗਏ ਹਨ। ਇਨ੍ਹਾਂ ਦੀ ਹੋਂਦ ਨਹੀਂ ਰਹੀ। ਸਿਆਸਤ ਜ਼ਹਿਰੀਲੀ ਹੋ ਗਈ ਹੈ। ਅੰਗਰੇਜ਼ਾਂ ਵੇਲੇ ਅਜਿਹਾ ਨਹੀਂ ਸੀ।” ਉਨ੍ਹਾਂ ਕਿਹਾ ਕਿ ਅੱਜ ਦੀ ਹਕੂਮਤ ਸਾਰਾ ਕੁੱਝ ਆਪਣੇ ਅਨੁਸਾਰ ਚਲਾਉਣਾ ਚਾਹੁੰਦੀ ਹੈ ਤੇ ਜੇ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਦੁਸ਼ਮਣ ਮੰਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ, ”ਚੀਨ ਅਤੇ ਪਾਕਿਸਤਾਨ ਦਿੱਲੀ ਦੇ ਦੁਸ਼ਮਣ ਨਹੀਂ ਹਨ ਪਰ ਜੋ ਲੋਕ ਸੱਚ ਬੋਲਦੇ ਹਨ ਤੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਨਹੀਂ ਚੱਲਦੇ, ਉਨ੍ਹਾਂ ਨੂੰ ਦੁਸ਼ਮਣ ਮੰਨਿਆ ਜਾਂਦਾ ਹੈ।” -ਪੀਟੀਆਈSource link