ਲਾਲਪੁਰਾ ਦੇ ਪੁੱਤ ’ਤੇ ਪਿਸਤੌਲ ਤਾਣਨ ਦੇ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਲਾਲਪੁਰਾ ਦੇ ਪੁੱਤ ’ਤੇ ਪਿਸਤੌਲ ਤਾਣਨ ਦੇ ਦੋਸ਼ ਹੇਠ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ


ਜਗਮੋਹਨ ਸਿੰਘ/ਬਲਵਿੰਦਰ ਰੈਤ

ਰੂਪਨਗਰ/ਨੂਰਪੁਰ ਬੇਦੀ, 19 ਨਵੰਬਰ

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤ ਅਜੈਵੀਰ ਸਿੰਘ ਲਾਲਪੁਰਾ ਦੀ ਗੱਡੀ ਘੇਰ ਕੇ ਉਸ ‘ਤੇ ਪਿਸਤੌਲ ਤਾਣਨ ਦੇ ਦੋਸ਼ ਹੇਠ ਜ਼ਿਲ੍ਹਾ ਰੂਪਨਗਰ ਦੀ ਪੁਲੀਸ ਵੱਲੋਂ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਬਾਰੇ ਅਜੈਵੀਰ ਸਿੰਘ ਲਾਲਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀ ਸੁਰਿੰਦਰਪਾਲ ਵਾਸੀ ਰੂੜੇਮਾਜਰਾ ਨਾਲ ਗੱਡੀ ‘ਚ ਆਪਣੇ ਪਿੰਡ ਕਲਵਾਂ ਵੱਲ ਪਰਤ ਰਿਹਾ ਸੀ। ਇਸੇ ਦੌਰਾਨ ਬੱਸ ਅੱਡਾ ਬੈਂਸਾਂ ਨੇੜਿਓਂ ਇੱਕ ਸਵਿਫਟ ਕਾਰ ਉਨ੍ਹਾਂ ਦੇ ਪਿੱਛੇ ਲੱਗ ਗਈ। ਰਾਤ ਕਰੀਬ 11.30 ਵਜੇ ਆਜ਼ਮਪੁਰ ਬਾਈਪਾਸ ਕੋਲ ਸਵਿਫਟ ਗੱਡੀ ਦੇ ਚਾਲਕ ਨੇ ਉਨ੍ਹਾਂ ਦੀ ਗੱਡੀ ਅੱਗੇ ਲਿਆ ਕੇ ਆਪਣੀ ਕਾਰ ਰੋਕ ਲਈ ਤੇ ਗੱਡੀ ਵਿੱਚੋਂ ਉਤਰੇ ਦੋ ਨੌਜਵਾਨਾਂ ‘ਚੋਂ ਇੱਕ ਨੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਗੱਡੀ ‘ਚੋਂ ਥੱਲੇ ਲਾਹ ਲਿਆ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ।

ਇਸੇ ਦੌਰਾਨ ਪੁਲੀਸ ਦੀ ਪੀਸੀਆਰ ਵੈਨ ਆਉਣ ‘ਤੇ ਦੋਵੇਂ ਨੌਜਵਾਨ ਫਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਤੇ ਜਸਕਰਨ ਸਿੰਘ ਵਾਸ ਤਖ਼ਤਗੜ੍ਹ ਵਜੋਂ ਹੋਈ ਹੈ। ਸ੍ਰੀ ਲਾਲਪੁਰਾ ਨੇ ਇਸ ਵਰਤਾਰੇ ਲਈ ‘ਆਪ’ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ। ਇਸ ਸਬੰਧੀ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਅਜੈ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਸਲਾ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



Source link