ਦੇਸ਼ ਨੂੰ ਭਾਜਪਾ ਦਾ ਭਾਰਤ ਨਹੀਂ ਬਣਨ ਦੇਵਾਂਗੇ: ਮਹਿਬੂਬਾ


ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਆਪਣੇ ਹੱਕਾਂ ਲਈ ਲੜਨ ਦਾ ‘ਹਥਿਆਰ’ ਹੈ ਅਤੇ ਉਨ੍ਹਾਂ ਨੂੰ ਭਾਜਪਾ ਲਈ ਥਾਂ ਖ਼ਾਲੀ ਨਹੀਂ ਛੱਡਣੀ ਚਾਹੀਦੀ। ਮੁਫ਼ਤੀ ਨੇ ਇੱਥੇ ਪਾਰਟੀ ਪ੍ਰੋਗਰਾਮ ਦੌਰਾਨ ਕਿਹਾ, ”ਇਹ ਭਾਜਪਾ ਦਾ ਭਾਰਤ ਨਹੀਂ ਹੈ। ਯਾਦ ਰੱਖੋ, ਅਸੀਂ ਇਸ ਨੂੰ ਭਾਜਪਾ ਦਾ ਭਾਰਤ ਹਰਗਿਜ਼ ਨਹੀਂ ਬਣਨ ਦੇਵਾਂਗੇ।” ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ” ਉਹ 1947 ਦੌਰਾਨ ਵਾਦੀ ਵਿੱਚ ਆਏ ਪਾਕਿਸਤਾਨੀ ਹਮਲਾਵਰਾਂ ਵਾਂਗ ਵਿਵਹਾਰ ਨਾ ਕਰੇ, ਜਿਨ੍ਹਾਂ ਨੂੰ ਕਸ਼ਮੀਰੀਆਂ ਨੇ ਇੱਥੋਂ ਭੱਜਣ ਲਈ ਮਜਬੂਰ ਕੀਤਾ ਸੀ।”

ਮੁਫ਼ਤੀ ਨੇ ਕਿਹਾ, ”ਭਾਜਪਾ ਹੀ ਭਾਰਤ ਨਹੀਂ ਹੈ। ਜਿਸ ਭਾਰਤ ਵਿੱਚ ਅਸੀਂ ਸ਼ਾਮਲ ਹੋਏ ਹਾਂ ਉਹ ਜਵਾਹਰ ਲਾਲ ਨਹਿਰੂ ਦਾ ਭਾਰਤ ਹੈ, ਗਾਂਧੀ ਜੀ ਦਾ ਭਾਰਤ ਹੈ, ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਭਾਰਤ ਹੈ। ਇਹ ਰਾਹੁਲ ਗਾਂਧੀ ਦਾ ਭਾਰਤ ਹੈ, ਜੋ ਹਿੰਦੂ-ਮੁਸਲਿਮ ਏਕਤਾ ਲਈ ਦੇਸ਼ ਦੀ ਯਾਤਰਾ ‘ਤੇ ਹਨ, ਇਹ ਤੁਸ਼ਾਰ ਗਾਂਧੀ ਦਾ ਭਾਰਤ ਹੈ।” ਉਨ੍ਹਾਂ ਸਾਲ 2019 ਵਿੱਚ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਮਨਸੂਖ਼ ਕਰਨ ਖ਼ਿਲਾਫ਼ ਭਾਜਪਾ ‘ਤੇ ਮੁੜ ਨਿਸ਼ਾਨਾ ਸੇਧਿਆ।

ਉਨ੍ਹਾਂ ਕਿਹਾ, ”ਅਸੀਂ ਇਸ ਦੇਸ਼ ਦੇ ਸੰਵਿਧਾਨ ਨਾਲ ਦਿਲੋਂ ਪਿਆਰ ਦਾ ਰਿਸ਼ਤਾ ਬਣਾਇਆ ਹੋਇਆ ਹੈ, ਪਰ ਤੁਸੀਂ ਕੀ ਕੀਤਾ? ਤੁਸੀਂ ਸਾਡੇ ਮਾਣ-ਸਨਮਾਨ ਨਾਲ ਖਿਲਵਾੜ ਕੀਤਾ ਹੈ। ਤੁਸੀਂ ਪੂਰੇ ਸੂਬੇ ਨੂੰ ਹੀ ਖ਼ਤਮ ਕਰ ਦਿੱਤਾ। ਇਸ ਤਰ੍ਹਾਂ ਕੰਮ ਨਹੀਂ ਚੱਲੇਗਾ।” ਮੁਫ਼ਤੀ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਸ਼ਮੀਰ ਦੇ ਲੋਕ ਭਾਰਤ ਨਾਲ ਰਲੇਵੇਂ ‘ਤੇ ਸਵਾਲ ਉਠਾ ਰਹੇ ਹਨ। -ਪੀਟੀਆਈSource link