ਹਿਮਾਚਲ: ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹੋਵੇਗਾ ਮੰਤਰੀ ਮੰਡਲ ਦਾ ਵਿਸਤਾਰ

ਹਿਮਾਚਲ: ਵਿਧਾਨ ਸਭਾ ਸੈਸ਼ਨ ਤੋਂ ਬਾਅਦ ਹੋਵੇਗਾ ਮੰਤਰੀ ਮੰਡਲ ਦਾ ਵਿਸਤਾਰ


ਨਵੀਂ ਦਿੱਲੀ, 15 ਦਸੰਬਰ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਸੂਬੇ ਵਿੱਚ ਨਵਾਂ ਮੰਤਰੀ ਮੰਡਲ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਬਣੇਗਾ ਅਤੇ ਵਿਧਾਨ ਸਭਾ ਦਾ ਇਹ ਸੈਸ਼ਨ ਜਲਦੀ ਹੀ ਸੱਦਿਆ ਜਾਵੇਗਾ। ਕਾਂਗਰਸ ਦੇ ਨਵੇਂ ਚੁਣੇ ਗਏ ਸਾਰੇ ਵਿਧਾਇਕਾਂ ਦੇ ਨਾਲ ਸੁੱਖੂ ਅੱਜ ਇੱਥੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਮਿਲੇ। ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਕੌਮੀ ਰਾਜਧਾਨੀ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ।

ਮੁੱਖ ਮੰਤਰੀ ਨੇ ਇਕ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਜਲਦੀ ਹੀ ਬਣਾਇਆ ਜਾਵੇਗਾ ਅਤੇ ਉਸ ਸਬੰਧੀ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਮੰਤਰੀ ਮੰਡਲ, ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਬਣਾਇਆ ਜਾਵੇਗਾ।”

ਇਸ ਮੀਟਿੰਗ ਦੌਰਾਨ ਖੜਗੇ ਨੇ ਵਿਧਾਇਕਾਂ ਨੂੰ ਇਕਜੁੱਟ ਰਹਿਣ ਅਤੇ ਸੱਤਾ ਨੂੰ ਸਾਰੇ ਪਾਰਟੀ ਵਰਕਰਾਂ ਨਾਲ ਸਾਂਝੀ ਕਰਨ ਲਈ ਕਿਹਾ। ਉਨ੍ਹਾਂ ਸਾਰਿਆਂ ਨੂੰ ਜ਼ਮੀਨੀ ਪੱਧਰ ‘ਤੇ ਜੁੜੇ ਰਹਿਣ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਦੀ ਅਪੀਲ ਵੀ ਕੀਤੀ। ਖੜਗੇ ਨੇ ਪਾਰਟੀ ਆਗੂਆਂ ਨੂੰ ਸਰਕਾਰ ਵਿਚਲੀਆਂ ਸਾਰੀਆਂ ਅਸਾਮੀਆਂ ਭਰਨ ਅਤੇ ਬੋਰਡਾਂ ਤੇ ਨਿਗਮਾਂ ਵਿੱਚ ਜਲਦੀ ਨਿਯੁਕਤੀਆਂ ਕਰਨ ਲਈ ਕਿਹਾ।

ਸੂਤਰਾਂ ਅਨੁਸਾਰ ਖੜਗੇ ਨੇ ਮੁੱਖ ਮੰਤਰੀ ਨੂੰ ਪਾਰਟੀ ਵਰਕਰਾਂ ਨਾਲ ਸੱਤਾ ਸਾਂਝੀ ਕਰਨ ਲਈ ਕਿਹਾ ਤਾਂ ਜੋ ਉਹ ਸੂਬੇ ਵਿੱਚ ਆਪਣੀ ਸਰਕਾਰ ਦੀ ਹੋਂਦ ਨੂੰ ਮਹਿਸੂਸ ਕਰ ਸਕਣ ਤੇ ਲੋਕਾਂ ਦੇ ਹੋਰ ਨੇੜੇ ਹੋ ਕੇ ਕੰਮ ਕਰਨ।

ਉੱਧਰ, ਸੁੱਖੂ ਨੇ ਇਸ ਮੀਟਿੰਗ ਨੂੰ ਇਕ ਆਮ ਤੇ ਰੂਟੀਨ ਮੀਟਿੰਗ ਦੱਸਿਆ। ਉਨ੍ਹਾਂ ਕਿਹਾ, ”ਅਸੀਂ ਕਾਂਗਰਸ ਪ੍ਰਧਾਨ ਦਾ ਧੰਨਵਾਦ ਕਰਨ ਲਈ ਆਏ ਸਨ ਕਿਉਂਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਲਈ ਪ੍ਰਚਾਰ ਕੀਤਾ। ਸਾਰੇ 40 ਵਿਧਾਇਕ ਤੇ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਵੀ ਨਾਲ ਆਏ ਅਤੇ ਪਾਰਟੀ ਵੱਲੋਂ ਸਮਰਥਨ ਦੇਣ ਲਈ ਖਰੜੇ ਜੀ ਦਾ ਧੰਨਵਾਦ ਕੀਤਾ।” ਉਨ੍ਹਾਂ ਕਿਹਾ, ”ਖੜਗੇ ਜੀ ਨੇ ਸਾਨੂੰ ਹਿਮਾਚਲ ਦੇ ਲੋਕਾਂ ਦੀ ਦਿਲ ਨਾਲ ਸੇਵਾ ਕਰਨ ਅਤੇ ਕਾਂਗਰਸ ਦੀ ਸਰਕਾਰ ਚੁਣਨ ਲਈ ਹਿਮਾਚਲ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਕਿਹਾ ਹੈ।” -ਪੀਟੀਆਈ



Source link