ਮੋਦੀ ਸਰਕਾਰ ਨੇ ਕਿਸਾਨਾਂ ਦੀ ਬਰਬਾਦੀ ਦੀਆਂ ਨੀਤੀਆਂ ਘੜੀਆਂ: ਰਾਹੁਲ

ਮੋਦੀ ਸਰਕਾਰ ਨੇ ਕਿਸਾਨਾਂ ਦੀ ਬਰਬਾਦੀ ਦੀਆਂ ਨੀਤੀਆਂ ਘੜੀਆਂ: ਰਾਹੁਲ


ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ/ਰਤਨ ਸਿੰਘ
ਕੁਰੂਕਸ਼ੇਤਰ/ਸ਼ਾਹਬਾਦ ਮਾਰਕੰਡਾ/ਅੰਬਾਲਾ, 9 ਜਨਵਰੀ

ਮੁੱਖ ਅੰਸ਼

  • ਸ਼ੰਭੂ ਬਾਰਡਰ ਰਾਹੀਂ ਅੱਜ ਪੰਜਾਬ ਵਿੱਚ ਦਾਖਲ ਹੋਵੇਗੀ ਯਾਤਰਾ

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸ਼ਾਹਬਾਦ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੇ ਨੇਤਾਵਾਂ ਨਾਲ ਕਰੀਬ ਇਕ ਘੰਟਾ ਗੱਲਬਾਤ ਕੀਤੀ। ਕਰਨਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਨੇ ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪਿਆ ਸੀ ਜਿਸਤੇ ਸੰਯੁਕਤ ਕਿਸਾਨ ਮੋਰਚੇ ਨੇ ਰਾਹੁਲ ਨਾਲ ਗੱਲਬਾਤ ਕੀਤੀ। ਐੱਸਕੇਐੱਮ ਨੇ ਰਾਹੁਲ ਗਾਂਧੀ ਨਾਲ ਚਰਚਾ ਮਗਰੋਂ ਉਨ੍ਹਾਂ ਨੂੰ ਕਾਂਗਰਸ ਦਾ ਕਿਸਾਨਾਂ ਪ੍ਰਤੀ ਰੁਖ ਸਪੱਸ਼ਟ ਕਰਨ ਲਈ ਆਖਿਆ।

ਭਾਰਤ ਜੋੜੋ ਯਾਤਰਾ ਦੌਰਾਨ ਸਮਰਥਕਾਂ ਨੂੰ ਮਿਲਦੇ ਹੋਏ ਰਾਹੁਲ ਗਾਂਧੀ। -ਫੋਟੋ:ਪੀਟੀਆਈ

ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਘੜੀਆਂ ਹਨ ਪਰ ਉਹ ਕਿਸਾਨ ਵਿਰੋਧ ਨੀਤੀਆਂ ਨੂੰ ਕਦੇ ਵੀ ਲਾਗੂ ਨਹੀਂ ਕਰਨ ਦੇਣਗੇ। ਉਹ ਦੇਸ਼ ਦੇ ਅੰਨਦਾਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਨਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ ਛੇਤੀ ਹੀ ਉਨ੍ਹਾਂ ਸੂਬਿਆਂ ਵਿੱਚ ਕਿਸਾਨ ਹਿਤਕਾਰੀ ਨੀਤੀਆਂ ਬਣਾਉਣ ਦੇ ਨਿਰਦੇਸ਼ ਦੇਣਗੇ। ਭਾਕਿਯੂ ਸਰ ਛੋਟੂ ਰਾਮ ਦੀ ਕੋਰ ਕਮੇਟੀ ਦੇ ਮੈਂਬਰ ਜਗਦੀਪ ਔਲਖ ਤੇ ਬਹਾਦਰ ਮੇਹਲਾ ਬਲੜੀ ਨੇ ਦੱਸਿਆ ਕਿ ਰਾਹੁਲ ਗਾਂਧੀ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ‘ਤੇ ਯੋਜਨਵਾਂ ਥੋਪ ਰਹੀ ਹੈ ਜੇਕਰ ਸਰਕਾਰ ਕੋਈ ਨਵੀਂ ਨੀਤੀ ਜਾਂ ਕਾਨੂੰਨ ਬਣਾਉਂਦੀ ਹੈ ਤਾਂ ਪਹਿਲਾਂ ਕਿਸਾਨਾਂ ਨਾਲ ਚਰਚਾ ਕਰਨੀ ਚਾਹੀਦੀ ਹੈ। ਸਰਬਸੰਮਤੀ ਬਣਨ ਮਗਰੋਂ ਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਅੰਦੋਲਨ ਮਗਰੋਂ ਮੋਦੀ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਕੇਂਦਰ ਸਰਕਾਰ ਨਾਲ ਜੋ ਸਮਝੌਤੇ ਹੋਏ ਸਨ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਪੈਨਸ਼ਨ, ਜ਼ਮੀਨ ਐਕੁਆਇਰ ਕਰਨ, ਬੀਮਾ ਸਬੰਧੀ ਮੰਗਾਂ ਐੱਮਐੱਸਪੀ ਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲੈਣ ਦੇ ਮੁੱਦਿਆਂ ‘ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਬਹਾਦਰ ਮੇਹਲਾ ਨੇ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਵਰਤਮਾਨ ਵਿੱਚ ਕੇਂਦਰ ਸਰਕਾਰ ਵਲੋਂ ਜੋ ਬਿਜਲੀ ਕਾਨੂੰਨ ਲਿਆਂਦਾ ਗਿਆ ਹੈ ਉਸ ਨੂੰ ਖਤਮ ਕੀਤਾ ਜਾਵੇ। ਜ਼ਮੀਨਾਂ ਐਕੁਆਇਰ ਕਰਨ ਸਬੰਧੀ ਨਵਾਂ ਕਾਨੂੰਨ ਬਣਾਇਆ ਜਾਵੇ ਜਿਸ ਵਿੱਚ ਕਿਸਾਨਾਂ ਦੀ ਸਹਿਮਤੀ ਲੈ ਕੇ ਢੁੱਕਵਾਂ ਮੁੱਲ ਦਿੱਤਾ ਜਾਏ। ਕਿਸਾਨਾਂ ਦਾ ਕਹਿਣਾ ਹੈ ਕਿ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪਿੰਡ ਪੱਧਰ ‘ਤੇ ਹੀ ਵਿਕਸਿਤ ਕੀਤਾ ਜਾਏ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਾਜਬ ਮੁੱਲ ਮਿਲ ਸਕੇ। ਉਨਾਂ ਨੇ ਖੇਤੀ ‘ਚ ਵਰਤੀਆਂ ਜਾਣ ਵਾਲੀਆਂ ਦਵਾਈਆਂ, ਡੀਜ਼ਲ, ਹੋਰ ਖੇਤੀ ਵਸਤਾਂ ‘ਤੇ ਟੈਕਸ ਦੀ ਛੋਟ ਮੰਗ ਵੀ ਕੀਤੀ। ਇਸ ਮੌਕੇ ਮਹਿੰਦਰ ਸਿੰਘ ਟਿਕੈਤ ਸੁਖਵਿੰਦਰ ਝੱਬਰ, ਸਤਪਾਲ ਚਹਿਲ, ਸੁੱਖ ਕਾਹਲੋਂ, ਰਮਨਦੀਪ ਮਾਨ, ਵਿਧਾਇਕ ਸ਼ਮਸ਼ੇਰ ਗੋਗੀ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਾਹਬਾਦ ਵਿੱਚ ਭਾਰਤ ਜੋੜੋ ਯਾਤਰਾ ਪਹੁੰਚਣ ‘ਤੇ ਵਰਕਰਾਂ ਤੇ ਲੋਕਾਂ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਭਰਵਾਂ ਸਵਾਗਤ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਦੌਰਾਨ ਹਰਿਆਣਾ ਵਿੱਚ ਕਿਸਾਨਾਂ ਨੇ ਆਪਣੀ ਹਾਲਤ ਦੀ ਸਚਾਈ ਦੱਸੀ ਹੈ। ਅੱਜ ਕਿਸਾਨ ਚੁਫੇਰਿਓਂ ਘਿਰਿਆ ਹੋਇਆ ਹੈ। ਡੀਜ਼ਲ, ਪੈਟਰੋਲ ਅਤੇ ਖਾਦਾਂ ਦੇ ਭਾਅ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਬੀਮੇ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਘੱਟ ਹੋ ਗਈ ਹੈ। ਕੁਰੂਕਸ਼ੇਤਰ ਤੋਂ ਚੱਲ ਕੇ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਆਮ ਲੋਕਾਂ ਨਾਲ ਜੁੜਨ ਦਾ ਯਤਨ ਕੀਤਾ। ਰਾਹੁਲ ਗਾਂਧੀ ਨੇ ਕਿਹਾ, ”ਦੇਸ਼ ਵਿੱਚ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ ਜਦਕਿ ਨਫ਼ਰਤ ਤੇ ਡਰ ਫੈਲਾਇਆ ਜਾ ਰਿਹਾ ਹੈ। ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਭਾਰਤ ਜੋੜੋ ਯਾਤਰਾ ਇਨ੍ਹਾਂ ਮੁੱਦਿਆਂ ਨੂੰ ਉਭਾਰਨ ਲਈ ਲਈ ਕੱਢੀ ਜਾ ਰਹੀ ਹੈ ਅਤੇ ਯਾਤਰਾ ਦਾ ਟੀਚਾ ਦੇਸ਼ ਦੇ ਲੋਕਾਂ ਦੀ ਸੱਚੀ ਆਵਾਜ਼ ਉਠਾਉਣ ਦਾ ਹੈ।” ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਗ਼ੈਰ-ਬਰਾਬਰੀ ਵਧ ਗਈ ਹੈ। ਪੂਰੀ ਆਰਥਿਕ ਤਾਕਤ ਤਿੰਨ ਚਾਰ ਲੋਕਾਂ ਦੇ ਹੱਥ ਵਿੱਚ ਜਾ ਰਹੀ ਹੈ।

ਅੱਜ ਸ਼ੰਭੂ ਬਾਰਡਰ ਰਾਹੀਂ ਪੰਜਾਬ ‘ਚ ਦਾਖ਼ਲ ਹੋਵੇਗੀ ਭਾਰਤ ਜੋੜੋ ਯਾਤਰਾ

ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ 6 ਵਜੇ ਮੌਹੜਾ ਤੋਂ ਬਾਅਦ ਸ਼ਾਹਪੁਰ ਤੋਂ ਸ਼ੁਰੂ ਹੋਵੇਗੀ। ਬਾਅਦ ਿਵੱਚ ਯਾਤਰਾ ਅੰਬਾਲਾ ਕੈਂਟ ਰਾਹੀਂ ਪੰਜਾਬ ਵਿੱਚ ਦਾਖਲ ਹੋਣ ਲਈ ਸ਼ੰਭੂ ਬਾਰਡਰ ‘ਤੇ ਪਹੁੰਚੇਗੀ।

ਯਾਤਰਾ ‘ਚ ਰਾਹੁਲ ਨਾਲ ਚੱਲੇ ਔਰਤਾਂ ਦੇ ਜਥੇ

ਰਾਹੁਲ ਗਾਂਧੀ ਦਾ ਅੱਜ ਦਾ ਦੌਰਾ ਔਰਤਾਂ ਲਈ ਵਿਸ਼ੇਸ਼ ਸੀ। ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ। ਸੋਮਵਾਰ ਨੂੰ ਕਰੀਬ 1500 ਔਰਤਾਂ ਰਾਹੁਲ ਗਾਂਧੀ ਦੀ ਯਾਤਰਾ ‘ਚ ਸ਼ਾਮਲ ਹੋਈਆਂ। ਯਾਤਰਾ ਵਿੱਚ ਮਹਿਮਾ ਸਿੰਘ, ਰੀਨਾ ਵਾਲਮੀਕੀ, ਸੁਨੀਤਾ ਨਹਿਰਾ, ਬਿਮਲਾ ਸਰੋਆ ਆਦਿ ਸਾਰੇ ਆਗੂ ਸ਼ਾਮਲ ਹੋਏ। ਸ਼ਾਹਾਬਾਦ ਪਹੁੰਚਣ ‘ਤੇ ਹਰਿਆਣਵੀ ਪਹਿਰਾਵੇ ‘ਚ ਔਰਤਾਂ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇਸੇ ਦੌਰਾਨ ਸ਼ਾਹਬਾਦ ਕੈਂਪ ਤੋਂ ਰਵਾਨਾ ਮਗਰੋਂ ਕਿਸਾਨ ਆਗੂ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਤੋਂ ਇਲਾਵਾ ਅਤੇ ਪੱਤਰਕਾਰ ਰਵੀਸ਼ ਕੁਮਾਰ ਸਣੇ ਕਈ ਕਿਸਾਨ ਆਗੂ ਯਾਤਰਾ ਵਿੱਚ ਸ਼ਾਮਲ ਹੋਏ। ਰਾਕੇਸ਼ ਟਿਕੈਤ ਇੱਕ ਕਿਲੋਮੀਟਰ ਤੱਕ ਪੈਦਲ ਚੱਲੇ, ਜਦਕਿ ਯੋਗੇਂਦਰ ਯਾਦਵ ਅਤੇ ਪੱਤਰਕਾਰ ਰਵੀਸ਼ ਕੁਮਾਰ ਅੰਬਾਲਾ ਤੱਕ ਪੈਦਲ ਚੱਲੇ।

ਟਿਕੈਤ ਅਤੇ ਯੋਗੇਂਦਰ ਯਾਦਵ ਨੇ ਰਾਹੁਲ ਨਾਲ ਕੀਤੀ ਮੀਟਿੰਗ

ਸ਼ਾਹਬਾਦ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਸਮੇਤ ਕਈ ਕਿਸਾਨ ਆਗੂਆਂ ਨੇ ਕੈਂਪ ਵਿੱਚ ਰਾਹੁਲ ਗਾਂਧੀ, ਭੁਪਿੰਦਰ ਸਿੰਘ ਹੁੱਡਾ ਅਤੇ ਦੀਪੇਂਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ। ਕੈਂਪ ‘ਚ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰਾਹੁਲ ਗਾਂਧੀ ਨਾਲ ਉਨ੍ਹਾਂ ਸੂਬਿਆਂ (ਰਾਜਸਥਾਨ ਤੇ ਛੱਤੀਸਗੜ੍ਹ ਆਦਿ) ਦੇ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ ਹੈ, ਜਿੱਥੇ ਕਾਂਗਰਸ ਦੀ ਸਰਕਾਰ ਹੈ। ਟਿਕੈਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਕਤ ਸੂਬਿਆਂ ਵਿੱਚ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ। ਟਿਕੈਤ ਨੂੰ ਸੰਸਦ ਮੈਂਬਰ ਦੀਪੇਂਦਰ ਹੁੱਡਾ ਯਾਤਰਾ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਇਸੇ ਦੌਰਾਨ ਭੁਪਿੰਦਰ ਸਿੰਘ ਹੁੱਡਾ ਨੇ ਸ਼ਾਹਬਾਦ ਅਨਾਜ ਮੰਡੀ ਕੈਂਪ ਦੇ ਬਾਹਰ ਕਿਹਾ ਕਿ ਯਾਤਰਾ ਨੂੰ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰੇ ਪਿੰਡ ਸਾਂਵਲਾ ਤੋਂ ਚੱਲ ਕੇ ਭਾਰਤ ਜੋੜੋ ਯਾਤਰਾ ਸ਼ਾਹਬਾਦ ਪੁੱਜੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ, ਕਾਂਗਰਸ ਆਗੂ ਕੁਮਾਰੀ ਸ਼ੈਲਜਾ ਅਤੇ ਕਾਂਗਰਸੀ ਆਗੂ ਅਸ਼ੋਕ ਅਰੋੜਾ ਸ਼ਾਮਲ ਸਨ। ਸ਼ਾਹਬਾਦ ‘ਚ 5 ਘੰਟੇ ਠਹਿਰਨ ਮਗਰੋਂ ਯਾਤਰਾ ਸ਼ਾਮ 3:45 ਵਜੇ ਅੰਬਾਲਾ ਲਈ ਰਵਾਨਾ ਹੋਈ ਅਤੇ ਦੇਰ ਸ਼ਾਮ ਅੰਬਾਲਾ ਪਹੁੰਚ ਗਈ।



Source link