ਸੁਆਂ ਨਦੀ ਵਿੱਚ ਨਾਜਾਇਜ਼ ਖਣਨ ਮੁੜ ਸ਼ੁਰੂ

ਸੁਆਂ ਨਦੀ ਵਿੱਚ ਨਾਜਾਇਜ਼ ਖਣਨ ਮੁੜ ਸ਼ੁਰੂ


ਬਲਵਿੰਦਰ ਰੈਤ

ਨੂਰਪੁਰ ਬੇਦੀ, 23 ਮਾਰਚ

ਹਿਮਾਚਲ ਪ੍ਰਦੇਸ਼ ਦੇ ਸੰਤੋਖਗੜ੍ਹ ਤੋਂ ਜ਼ਿਲ੍ਹਾ ਰੂਪਨਗਰ ਵਿੱਚ ਦਾਖਲ ਹੁੰਦੀ ਸੁਆਂ ਨਦੀ ਵਿੱਚ ਕੁਝ ਅਰਸਾ ਰੁਕਣ ਤੋਂ ਬਾਅਦ ਫਿਰ ਖਣਨ ਮਾਫੀਏ ਵੱਲੋਂ ਨਾਜਾਇਜ਼ ਖਣਨ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਸੁਆਂ ਨਦੀ ਦੇ ਕੰਢੇ ‘ਤੇ ਸੈਂਕੜੇ ਸਟੋਨ ਕਰੱਸ਼ਰ ਲੱਗੇ ਹੋਏ ਹਨ। ‘ਆਪ’ ਸਰਕਾਰ ਦੇ ਬਣਨ ਤੋਂ ਬਾਅਦ ਇਸ ਨਦੀ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਹੁਣ ਖਣਨ ਮਾਫੀਏ ਨੇ ਇਹ ਨਾਜਾਇਜ਼ ਧੰਦਾ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਮਾਈਨਿੰਗ ਨੂੰ ਲੈ ਕੇ ਲੜਾਈ ਝਗੜੇ ਹੋਣ ਦੀਆਂ ਖਬਰਾਂ ਵੀ ਹਨ। ਦੱਸਣਯੋਗ ਹੈ ਕਿ ਪਿਛਲੇ ਸਮਿਆਂ ਦੌਰਾਨ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਵੇਲੇ ਵੱਡੇ ਪੱਧਰ ‘ਤੇ ਸੁਆਂ ਨਦੀ ਵਿੱਚ ਨਾਜਾਇਜ਼ ਖਣਨ ਹੁੰਦਾ ਸੀ। ‘ਆਪ’ ਦੀ ਮੌਜੂਦਾ ਸਰਕਾਰ ਨੇ ਕਿਸੇ ਵੀ ਖੱਡ ਦੀ ਨਿਲਾਮੀ ਨਹੀਂ ਕੀਤੀ। ਇਹ ਪਤਾ ਲੱਗਾ ਹੈ ਕਿ ਖਣਨ ਮਾਫੀਆ ਰਾਤ ਨੂੰ ਵੱਡੇ ਪੱਧਰ ‘ਤੇ ਖਣਨ ਕਰ ਰਿਹਾ ਹੈ। ਭਾਵੇਂ ਪੁਲੀਸ ਨੇ ਸਟੋਨ ਕਰੱਸ਼ਰ ਮਾਲਕਾਂ ਤੇ ਖਣਨ ਮਾਫੀਏ ‘ਤੇੇ ਨਾਜਾਇਜ਼ ਖਣਨ ਕਰਨ ‘ਤੇ ਹੁਣ ਤੱਕ ਕਈ ਕੇਸ ਦਰਜ ਕੀਤੇ ਹਨ ਪਰ ਉਕਤ ਮਾਫੀਏ ‘ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਗੈਰ ਕਾਨੂੰਨੀ ਮਾਈਨਿੰਗ ਨੇ ਇਸ ਖੇਤਰ ਵਿੱਚ ਪਾਣੀ ਦਾ ਪੱਧਰ ਕਾਫੀ ਡੂੰਘਾ ਕਰ ਦਿੱਤਾ ਹੈ ਜਿਸ ਦਾ ਕਿਸਾਨੀ ‘ਤੇ ਵੀ ਬੁਰਾ ਅਸਰ ਪਿਆ ਹੈ। ਲੋਕ ਹੁਣ ਨਾਜਾਇਜ਼ ਖਣਨ ਬੰਦ ਕਰਵਾਉਣ ਲਈ ਮੁੜ ਸੰਘਰਸ਼ ਕਰਨ ਤੇ ਤਿਆਰ ਹਨ ਜਿਸ ਦਾ ਆਉਂਦੇ ਦਿਨਾਂ ਵਿਚ ਐਲਾਨ ਕੀਤਾ ਜਾਵੇਗਾ।Source link