ਮਾਨਸਾ: ਸਿੱਖਿਆ ਵਾਲੰਟੀਅਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਨੋਟਿਸਾਂ ਦੀਆਂ ਕਾਪੀਆਂ ਸਾੜੀਆਂ

ਮਾਨਸਾ: ਸਿੱਖਿਆ ਵਾਲੰਟੀਅਰਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਨੋਟਿਸਾਂ ਦੀਆਂ ਕਾਪੀਆਂ ਸਾੜੀਆਂ


ਜੋਗਿੰਦਰ ਸਿੰਘ ਮਾਨ

ਮਾਨਸਾ 15 ਅਪਰੈਲ

ਸਿੱਖਿਆ ਵਾਲੰਟੀਅਰਾਂ ਨੂੰ ਰੈਗੂਲਰ ਕਰਨ ਦੀ ਬਜਾਏ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਜਾ ਰਹੇ ਨੋਟਿਸਾਂ ਦੀਆਂ ਮਾਲਵਾ ਖੇਤਰ ਦੇ ਵੱਖ-ਵੱਖ ਸਕੂਲਾਂ ‘ਚ ਕਾਪੀਆਂ ਸਾੜੀਆਂ ਗਈਆਂ। ਅਧਿਆਪਕਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਦੀ ਸਖਤ ਨਿਖੇਧੀ ਕੀਤੀ।

ਮਾਨਸਾ ਜ਼ਿਲ੍ਹੇ ਦੇ ਦੋ ਵਾਲੰਟੀਅਰਾਂ ਸੁਖਚੈਨ ਸਿੰਘ ਤੇ ਸੰਦੀਪ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਨੋਟਿਸਾਂ ਦਾ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਸਖਤ ਵਿਰੋਧ ਕਰਦਿਆਂ ਦੱਸਿਆ ਕਿ ਗਿਆਰਾਂ ਅਪਰੈਲ ਨੂੰ ਸਰਕਾਰ ਦੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕਾਂ ਦੁਆਰਾ ਸਿੱਖਿਆ ਮੰਤਰੀ ਦਾ ਵਿਰੋਧ ਕੀਤਾ ਗਿਆ। ਸਰਕਾਰ ਦੁਆਰਾ 8736 ਕੱਚੇ ਅਧਿਆਪਕ ਰੈਗੂਲਰ ਕਰਨ ਦੇ ਵੱਡੇ ਵੱਡੇ ਹੋਰਡਿੰਗ ਲਾਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ ਭਰੀਆਂ ਹੋਈਆਂ ਨੇ, ਜਦੋਂ ਕਿ ਅੱਠ-ਨੌਂ ਮਹੀਨੇ ਲੰਘਣ ਦੇ ਬਾਵਜੂਦ ਅਜੇ ਤੱਕ ਇੱਕ ਵੀ ਕੱਚੇ ਅਧਿਆਪਕ ਨੂੰ ਰੈਗੂਲਰ ਆਰਡਰ ਨਹੀਂ ਮਿਲੇ।

ਜ਼ਿਲ੍ਹਾ ਸਕੱਤਰ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਦਹਾਕਿਆਂ ਤੋਂ ਨਿਗੂਣੀ ਤਨਖਾਹ ਤੇ ਕੰਮ ਕਰਦੇ ਇਹ ਲਿਤਾੜੇ ਹੋਏ ਅਧਿਆਪਕ ਸਿੱਖਿਆ ਮੰਤਰੀ ਦਾ ਵਿਰੋਧ ਨਾ ਕਰਨ ਤਾਂ ਹੋਰ ਕੀ ਕਰਨ। ਡੀਟੀਐੱਫ ਮਾਨਸਾ ਕੱਚੇ ਅਧਿਆਪਕਾਂ ਦੇ ਨਾਲ਼ ਡਟ ਕੇ ਖੜ੍ਹੀ ਹੈ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬਿਨਾਂ ਦੇਰੀ ਤੋਂ ਸਾਰੇ ਕੱਚੇ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਨਹੀਂ ਤਾਂ ਸਰਕਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਜੱਗਾ ਸਿੰਘ ਆਦਮਕੇ, ਦਮਨਜੀਤ ਸਿੰਘ ਬੋੜਾਵਾਲ, ਸੁਖਚੈਨ ਸਿੰਘ ਸੇਖੋਂ, ਰਾਜਵਿੰਦਰ ਬਹਿਣੀਵਾਲ, ਅੰਮ੍ਰਿਤਪਾਲ ਕਰੰਡੀ, ਚਰਨਪਾਲ ਸਿੰਘ ਦਸੌਂਧੀਆ, ਬਾਦਲ ਸਿੰਘ, ਕੁਲਦੀਪ ਸਿੰਘ ਅੱਕਾਂਵਾਲੀ, ਜਗਦੇਵ ਸਿੰਘ ਜਲਵੇੜਾ ਨੇ ਪੰਜਾਬ ਸਰਕਾਰ ਵਤੀਰੇ ਦੀ ਸਖਤ ਨਿਖੇਧੀ ਕੀਤੀ। ਸੂਬਾ ਆਗੂਆਂ ਉੱਪਰ ਹੁੱਲੜਬਾਜੀ ਕਰਨ ਅਤੇ ਸਿੱਖਿਆ ਮੰਤਰੀ ਦੀ ਕਾਰ ਭੰਨਣ ਵਰਗੇ ਕਥਿਤ ਦੋਸ਼ ਲਗਾ ਕੇ ਉਸ ਦੀਆਂ ਸੇਵਾਵਾਂ ਖਤਮ ਕਰਨ ਦੇ ਭੇਜੇ ਕਾਰਨ ਦੱਸੋ ਨੋਟਿਸ ਦੀ ਨਿਖੇਧੀ ਕਰਦਿਆਂ ਡੀਟੀਐੱਫ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਕਰਨ ਵਾਲੀ ਆਪ ਦੀ ਸੂਬਾ ਸਰਕਾਰ ਹੁਣ ਉਨ੍ਹਾਂ ਦੀਆਂ ਸੇਵਾਵਾਂ ਹੀ ਖਤਮ ਕਰਨ ਦੇ ਰਾਹ ਪੈ ਗਈ ਹੈ।



Source link