ਭਾਜਪਾ ਦਾ ਅਗਾਮੀ ਅਸੈਂਬਲੀ ਚੋਣਾਂ ਵਿੱਚ ‘ਸਫ਼ਾਇਆ’ ਹੋ ਜਾਵੇਗਾ: ਰਾਹੁਲ

ਭਾਜਪਾ ਦਾ ਅਗਾਮੀ ਅਸੈਂਬਲੀ ਚੋਣਾਂ ਵਿੱਚ ‘ਸਫ਼ਾਇਆ’ ਹੋ ਜਾਵੇਗਾ: ਰਾਹੁਲ


ਵਾਸ਼ਿੰਗਟਨ, 2 ਜੂਨ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਅਗਲੀਆਂ 3-4 ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ‘ਸਫ਼ਾਇਆ’ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਹਾਕਮ ਧਿਰ ਨੂੰ ਹਰਾਉਣ ਲਈ ਬੁਨਿਆਦੀ ਤਾਕਤ ਹੈ ਅਤੇ ਭਾਰਤੀ ਆਬਾਦੀ ਦਾ ਵੱਡਾ ਹਿੱਸਾ ਭਾਜਪਾ ਦਾ ਸਮਰਥਨ ਨਹੀਂ ਕਰਦਾ ਹੈ। ਸ੍ਰੀ ਗਾਂਧੀ ਨੇ ਇਹ ਟਿੱਪਣੀ ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਦੌਰੇ ਦੌਰਾਨ ਪ੍ਰਸਿੱਧ ਭਾਰਤੀ-ਅਮਰੀਕੀ ਫਰੈਂਕ ਇਸਲਾਮ ਵੱਲੋਂ ਉਨ੍ਹਾਂ ਲਈ ਰੱਖੇ ਸਵਾਗਤੀ ਸਮਾਗਮ ਦੌਰਾਨ ਕੀਤੀ। ਬਾਅਦ ‘ਚ ਨੈਸ਼ਨਲ ਪ੍ਰੈੱਸ ਕਲੱਬ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੀਆਂ ਆਮ ਚੋਣਾਂ ਦੇ ਨਤੀਜੇ ਲੋਕਾਂ ਨੂੰ ਹੈਰਾਨ ਕਰ ਦੇਣਗੇ ਕਿਉਂਕਿ ਲੋਕਾਂ ‘ਚ ਹੌਲੀ ਹੌਲੀ ਗੁੱਸਾ ਫੈਲ ਰਿਹਾ ਹੈ। ਰਾਹੁਲ ਨੇ ਕੇਰਲਾ ‘ਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਨਾਲ ਕਾਂਗਰਸ ਦੇ ਗੱਠਜੋੜ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਮੁਸਲਿਮ ਲੀਗ ਪਾਰਟੀ ਪੂਰੀ ਤਰ੍ਹਾਂ ਨਾਲ ਧਰਮਨਿਰਪੱਖ ਪਾਰਟੀ ਹੈ ਤੇ ਮੁਸਲਿਮ ਲੀਗ ਬਾਰੇ ਕੁਝ ਵੀ ਗ਼ੈਰ-ਧਰਮਨਿਰਪੱਖ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ,”ਸੰਘ ਅਤੇ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ ਅਤੇ ਮੈਂ ਇਥੇ ਭਵਿੱਖਬਾਣੀ ਕਰਦਾ ਹਾਂ ਕਿ ਅਗਲੀਆਂ ਤਿੰਨ ਜਾਂ ਚਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਸਖ਼ਤ ਟੱਕਰ ਮਿਲੇਗੀ ਤੇ ਉਸ ਦਾ ਸਫ਼ਾਇਆ ਹੋ ਜਾਵੇਗਾ। ਜਿਵੇਂ ਅਸੀਂ ਕਰਨਾਟਕ ‘ਚ ਭਾਜਪਾ ਨੂੰ ਹਰਾਇਆ ਹੈ, ਉਸੇ ਤਰ੍ਹਾਂ ਹੋਰ ਚੋਣਾਂ ਵੀ ਕਾਂਗਰਸ ਜਿੱਤੇਗੀ। ਪਰ ਜੇਕਰ ਤੁਸੀਂ ਭਾਰਤੀ ਮੀਡੀਆ ਨੂੰ ਪੁੱਛੋਗੇ ਤਾਂ ਉਹ ਆਖੇਗਾ ਕਿ ਇੰਜ ਨਹੀਂ ਹੋਵੇਗਾ।” ਉਨ੍ਹਾਂ ਕਿਹਾ ਕਿ ਭਾਰਤੀ ਪ੍ਰੈੱਸ ਮੌਜੂਦਾ ਸਮੇਂ ‘ਚ ਭਾਜਪਾ ਦਾ ਪੱਖ ਪੂਰ ਰਹੀ ਹੈ। ‘ਇਹ ਮੰਨਣ ਵਾਲੀ ਗੱਲ ਹੈ ਕਿ ਭਾਰਤ ਦੇ 60 ਫ਼ੀਸਦੀ ਲੋਕ ਭਾਜਪਾ ਨੂੰ ਵੋਟ ਨਹੀਂ ਦਿੰਦੇ ਹਨ ਅਤੇ ਨਰਿੰਦਰ ਮੋਦੀ ਲਈ ਵੋਟ ਨਹੀਂ ਪਾਉਂਦੇ ਹਨ। ਭਾਜਪਾ ਦੇ ਹੱਥ ਅਜਿਹਾ ਸਾਧਨ ਹੈ ਜਿਸ ਰਾਹੀਂ ਉਹ ਰੌਲਾ ਪਾ ਸਕਦੇ ਹਨ। ਉਹ ਤੱਥਾਂ ਨੂੰ ਤੋੜ-ਮਰੋੜ ਸਕਦੇ ਹਨ ਅਤੇ ਉਹ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰਦੇ ਹਨ। ਉਂਜ ਉਨ੍ਹਾਂ ਕੋਲ ਭਾਰਤੀ ਅਬਾਦੀ ਦਾ ਵੱਡਾ ਬਹੁਮਤ ਨਹੀਂ ਹੈ।’ -ਪੀਟੀਆਈ

ਮੁਸਲਿਮ ਲੀਗ ਨੂੰ ਧਰਮਨਿਰਪੱਖ ਦੱਸਣ ‘ਤੇ ਭਾਜਪਾ ਨੇ ਰਾਹੁਲ ਨੂੰ ਘੇਰਿਆ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਧਰਮਨਿਰਪੱਖ ਪਾਰਟੀ ਦੱਸੇ ਜਾਣ ‘ਤੇ ਭਾਜਪਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਲੋਕ ਉਹੋ ਹਨ ਜਿਹੜੇ ਵੰਡ ਮਗਰੋਂ ਇਥੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਹਿੰਦੂ ਅਤਿਵਾਦ ਦਿਖਾਈ ਦਿੰਦਾ ਹੈ ਪਰ ਮੁਸਲਿਮ ਲੀਗ ਧਰਮਨਿਰਪੱਖ ਲੱਗਦੀ ਹੈ। ਅਨੁਰਾਗ ਨੇ ਕਿਹਾ ਕਿ ਰਾਹੁਲ ਨੇ ਵਾਇਨਾਡ ਤੋਂ ਚੋਣ ਲੜਨੀ ਹੈ ਜਿਸ ਕਰਕੇ ਉਹ ਅਜਿਹੀ ਜਥੇਬੰਦੀ ਦੀ ਵਕਾਲਤ ਕਰ ਰਿਹਾ ਹੈ। ਭਾਜਪਾ ਤਰਜਮਾਨ ਤੇ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਖੇਤਰੀ ਪਾਰਟੀ ਤੇ ਜਿਨਾਹ ਦੀ ਜਥੇਬੰਦੀ ਵਿਚਕਾਰ ਕੋਈ ਫਰਕ ਨਹੀਂ ਹੈ।

ਆਈਯੂਐੱਮਐੱਲ ਵੱਲੋਂ ਰਾਹੁਲ ਦੇ ਬਿਆਨ ਦਾ ਸਵਾਗਤ

ਤਿਰੂਵਨੰਤਪੁਰਮ: ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐੱਮਐੱਲ) ਨੇ ਰਾਹੁਲ ਗਾਂਧੀ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਕਾਂਗਰਸ ਆਗੂ ਦਾ ਬਿਆਨ ਉਨ੍ਹਾਂ ਨਾਲ ਨਿਭਾਏ ਗਏ ਸਬੰਧਾਂ ਦੇ ਤਜਰਬੇ ਮਗਰੋਂ ਆਇਆ ਹੈ। ਆਈਯੂਐੱਮਐੱਲ ਦੇ ਜਨਰਲ ਸਕੱਤਰ ਪੀ ਕੇ ਕੁਨਹਾਲੀਕੁੱਟੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਸਥਾਨਕ ਆਗੂਆਂ ਨੇ ਮੰਨਿਆ ਹੈ ਕਿ ਬਾਬਰੀ ਮਸਜਿਦ ਢਾਹੁਣ ਮਗਰੋਂ ਜਦੋਂ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੁਸਲਿਮ ਲੀਗ ਨੇ ਮੁਸਲਮਾਨਾਂ ਨੂੰ ਸਹੀ ਰਾਹ ਦਿਖਾਇਆ ਸੀ। ਆਈਯੂਐੱਮਐੱਲ ਦੇ ਸੀਨੀਅਰ ਆਗੂ ਨੇ ਫੇਸਬੁੱਕ ਪੋਸਟ ‘ਤੇ ਲਿਖਿਆ ਕਿ ਰਾਹੁਲ ਗਾਂਧੀ ਨੇ ਮੁਸਲਿਮ ਲੀਗ ਨੂੰ ਧਰਮਨਿਰਪੱਖ ਪਾਰਟੀ ਦੱਸ ਕੇ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਅਤੇ ਮੁਸਲਿਮ ਲੀਗ ਦੇ ਇੰਦਰਾ ਗਾਂਧੀ ਦੇ ਸਮੇਂ ਤੋਂ ਕਾਂਗਰਸ ਨਾਲ ਨੇੜਲੇ ਸਬੰਧ ਰਹੇ ਹਨ। -ਪੀਟੀਆਈ



Source link