ਨਵੀਂ ਸਿੱਖਿਆ ਨੀਤੀ ਨਾਲ ਪੰਜਾਬ ਦਾ ਇਤਿਹਾਸ ਤੇ ਬੋਲੀ ਨਜ਼ਰਅੰਦਾਜ਼ ਹੋਏ: ਲੱਖਾ ਸਿਧਾਣਾ

ਨਵੀਂ ਸਿੱਖਿਆ ਨੀਤੀ ਨਾਲ ਪੰਜਾਬ ਦਾ ਇਤਿਹਾਸ ਤੇ ਬੋਲੀ ਨਜ਼ਰਅੰਦਾਜ਼ ਹੋਏ: ਲੱਖਾ ਸਿਧਾਣਾ


ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਦਸੰਬਰ
ਨੌਜਵਾਨ ਆਗੂ ਅਤੇ ਮਾਂ-ਬੋਲੀ ਪੰਜਾਬੀ ਦੇ ਕਾਰਕੁਨ ਲੱਖਾ ਸਿਧਾਣਾ ਨੇ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਕੀਤੇ ਜਾਣ ਨਾਲ ਭਾਰਤ ਦੇ ਸੱਭਿਆਚਾਰਾਂ ਅਤੇ ਬੋਲੀਆਂ ’ਤੇ ਪੈਣ ਵਾਲੇ ਮਾੜੇ ਅਸਰਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਨੂੰ ਸਾਂਝੀ ਸੂਚੀ ਵਿੱਚੋਂ ਕੱਢ ਕੇ ਕੇਂਦਰੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਸ ਕਰ ਕੇ ਸਿੱਖਿਆ ਦੇ ਖੇਤਰ ਵਿੱਚ 75 ਫ਼ੀਸਦ ਸਿਲੇਬਸ ਕੇਂਦਰ ਸਰਕਾਰ ਵੱਲੋਂ ਆਪਣੀ ਮਰਜ਼ੀ ਨਾਲ ਤਿਆਰ ਕੀਤਾ ਜਾਵੇਗਾ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵੀਰ ਯੋਧਿਆਂ, ਸੰਘਰਸ਼ਾਂ ਤੇ ਹੋਰ ਇਤਿਹਾਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ। ਕਰਨਾਟਕ ਦੇ ਮੁੱਖ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਵਿੱਚ ਖਾਮੀਆਂ ਨੂੰ ਦੇਖਦੇ ਹੋਏ ਇਸ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਪੰਜਾਬੀ ਬੋਲੀ ਤੇ ਪੰਜਾਬ ਦੇ ਇਤਿਹਾਸ ਦੀ ਰਾਖੀ ਕਰਨਾ ਚਾਹੁੰਦੇ ਹਨ ਤਾਂ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਨੂੰ ਬਚਾਉਣ ਲਈ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਹ ਯਾਤਰਾ 20 ਦਸੰਬਰ ਨੂੰ ਸ਼ੁਰੂ ਹੋਵੇਗੀ ਅਤੇ ਸੂਬੇ ਦੇ ਹਰੇਕ ਪਿੰਡ ਤੱਕ ਪਹੁੰਚ ਕਰੇਗੀ, ਜਿੱਥੇ ਲੋਕਾਂ ਨੂੰ ਭਾਸ਼ਣਾਂ ਤੇ ਨੁੱਕੜ ਨਾਟਕਾਂ ਰਾਹੀਂ ਮਾਂ ਬੋਲੀ ਦੀ ਰਾਖੀ ਕਰਨ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਬਾਰੇ 8 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

The post ਨਵੀਂ ਸਿੱਖਿਆ ਨੀਤੀ ਨਾਲ ਪੰਜਾਬ ਦਾ ਇਤਿਹਾਸ ਤੇ ਬੋਲੀ ਨਜ਼ਰਅੰਦਾਜ਼ ਹੋਏ: ਲੱਖਾ ਸਿਧਾਣਾ appeared first on punjabitribuneonline.com.



Source link