ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਇਥੋਂ ਦੇ ਸੈਕਟਰ 32 ਵਿਚ ਵਿਗਿਆਨਿਕ ਪ੍ਰਦਰਸ਼ਨੀ ਅੱਜ ਉਤਸ਼ਾਹ ਨਾਲ ਸਮਾਪਤ ਹੋਈ। ਇਹ ਪ੍ਰਦਰਸ਼ਨੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ) ਸੈਕਟਰ 32 ਵਲੋਂ ਕਰਵਾਈ ਗਈ ਜਿਸ ਵਿਚ ਆਖਰੀ ਦਿਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਪ੍ਰਦਰਸ਼ਨੀ ਦੇ ਪਹਿਲੇ ਪੱਧਰ ਵਿੱਚ 500 ਮਾਡਲ ਪ੍ਰਦਰਸ਼ਿਤ ਕੀਤੇ ਗਏ ਜਿਨ੍ਹਾਂ ਵਿੱਚੋਂ 57 ਸਕੂਲਾਂ ਦੇ 120 ਮਾਡਲ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਵਿਚੋਂ ਮੋਹਰੀ ਵਿਦਿਆਰਥੀਆਂ ਨੂੰ ਕੌਮੀ ਪੱਧਰ ’ਤੇ ਭਾਗ ਲੈਣ ਲਈ ਐਨਸੀਈਆਰਟੀ ਨਵੀਂ ਦਿੱਲੀ ਭੇਜਿਆ ਜਾਵੇਗਾ। ਇਸ ਮੌਕੇ ਜੇਤੂਆਂ ਨੂੰ ਇਨਾਮ ਵੰਡੇ ਗਏ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਆਪਣੇ ਮਾਡਲਾਂ ਦੀ ਤਿਆਰੀ ਵਿੱਚ ਰਚਨਾਤਮਕਤਾ ਅਤੇ ਨਵੀਨਤਾਕਾਰੀ ਸੋਚ ਨੂੰ ਉਜਾਗਰ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਐਸਸੀਈਆਰਟੀ ਦੇ
ਡਾਇਰੈਕਟਰ ਡਾ. ਸੁਰਿੰਦਰ ਸਿੰਘ ਦਹੀਆ ਨੇ ਕਿਹਾ ਕਿ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਸਮਾਜ ਦੀਆਂ ਵੱਖ-ਵੱਖ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਗਿਆਨਕ ਵਿਚਾਰ ਪੈਦਾ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਨਾ ਅਤੇ ਬੱਚਿਆਂ, ਅਧਿਆਪਕਾਂ ਅਤੇ ਲੋਕਾਂ ਵਿੱਚ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣਾ ਸੀ। ਪ੍ਰਦਰਸ਼ਨੀ ਦੇ ਜੇਤੂਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ 5100, 3100 ਅਤੇ 2100 ਰੁਪਏ ਦੇ ਇਨਾਮ ਦਿੱਤੇ ਗਏ ਅਤੇ ਹਰੇਕ ਭਾਗੀਦਾਰ ਨੂੰ 500 ਰੁਪਏ ਦੇ ਇਨਾਮ ਵਜੋਂ ਦਿੱਤੇ ਗਏ। ਐਲੀਮੈਂਟਰੀ ਸਟੇਜ ਦੀ ਓਵਰਆਲ ਸਰਵੋਤਮ ਟਰਾਫੀ ਸਰਕਾਰੀ ਹਾਈ ਸਕੂਲ ਡੱਡੂਮਾਜਰਾ ਅਤੇ ਸੈਕੰਡਰੀ ਵਰਗ ਦੀ ਟਰਾਫੀ ਸਰਕਾਰੀ ਸੀਨੀਅਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-37 ਬੀ ਨੇ ਜਿੱਤੀ।
The post ਐੱਸਸੀਈਆਰਟੀ ਦੀ ਵਿਗਿਆਨ ਪ੍ਰਦਰਸ਼ਨੀ ਸਮਾਪਤ appeared first on Punjabi Tribune.