ਗੁਰੁਗ੍ਰਾਮ, 29 ਨਵੰਬਰ
ਕਈ ਕੇਸਾਂ ’ਚ ਲੋੜੀਂਦਾ ਤੇ ਇਨਾਮੀ ਗੈਂਗਸਟਰ ਸਰੋਜ ਰਾਏ ਹਰਿਆਣਾ ਦੇ ਗੁਰੂਗ੍ਰਾਮ ’ਚ ਅੱਜ ਤੜਕੇ ਬਿਹਾਰ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਅਤੇ ਗੁੁਰੂਗ੍ਰਾਮ ਪੁਲੀਸ ਦੀ ਅਪਰਾਧ ਸ਼ਾਖਾ ਦੀ ਸਾਂਝੀ ਟੀਮ ਨਾਲ ਮੁਕਾਬਲੇ ’ਚ ਮਾਰਿਆ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਜਨਤਾ ਦਾਲ ਯੂਨਾਈਟਿਡ ਦੇ ਵਿਧਾਇਕ ਪੰਕਜ ਮਿਸ਼ਰਾ ਤੋਂ ਵੀ ਫਿਰੌਤੀ ਮੰਗੀ ਸੀ ਅਤੇ ਇਸ ਉਸ ਖ਼ਿਲਾਫ਼ ਬਿਹਾਰ ਦੇ ਸੀਤਾਮਾੜ੍ਹੀ ਥਾਣੇ ’ਚ ਕੇਸ ਦਰਜ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਤਿੰਨ ਪਿਸਤੌਲ, ਚਾਰ ਕਾਰਤੂਸ ਤੇ ਕਾਰਤੂਸਾਂ ਦੇ 17 ਖੋਖੇ, ਇੱਕ ਮੋਟਰਸਾਈਕਲ ਤੇ ਹੋਰ ਵਸਤਾਂ ਬਰਾਮਦ ਹੋਈਆਂ।
ਪੁਲੀਸ ਅਨੁਸਾਰ ਬਿਹਾਰ ਦੇ ਸੀਤਾਮਾੜ੍ਹੀ ਨਾਲ ਸਬੰਧਤ ਗੈਂਗਸਟਰ ਸਰੋਜ ਰਾਏ ਖ਼ਿਲਾਫ਼ ਬਿਹਾਰ ਤੇ ਹੋਰ ਸੂਬਿਆਂ ’ਚ ਦਰਜ 33 ਗੰਭੀਰ ਅਪਰਾਧਾਂ ਦੇ ਕੇਸਾਂ ਜਿਨ੍ਹਾਂ ’ਚ ਕਤਲ, ਅਸਲਾ ਐਕਟ ਅਤੇ ਜਬਰੀ ਵਸੂਲੀ ਸਣੇ ਸ਼ਾਮਲ ਹਨ, ਸ਼ਾਮਲ। ਬਿਹਾਰ ਪੁਲੀਸ ਨੇ ਰਾਏ ਦੇ ਸਿਰ ’ਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਪੁਲੀਸ ਮੁਤਾਬਕ ਕਰਾਈਮ ਬਰਾਂਚ ਟੀਮ ਨੂੰ ਇਤਲਾਹ ਮਿਲੀ ਸੀ ਰਾਏ ਗ਼ੈਰਕਾਨੂੰਨੀ ਹਥਿਆਰ ਲੈ ਕੇ ਮੇਵਾਤ, ਸੋਹਣਾ ਤੇ ਤੌਰੂ ਆਦਿ ਥਾਵਾਂ ’ਤੇ ਘੁੰਮ ਰਿਹਾ ਹੈ ਅਤੇ ਗੁਰੂਗ੍ਰਾਮ ਵੱਲ ਆ ਰਿਹਾ ਹੈ।
ਏਸੀਪੀ (ਕਰਾਈਮ) ਵਰੁਣ ਦਾਹੀਆ ਨੇ ਦੱਸਿਆ ਕਿ ਇਸ ਮਗਰੋਂ ਪੁਲੀਸ ਨੇ ਨਾਕਾਬੰਦੀ ਕਰਕੇ ਤੌਰੂ ਰੋਡ ਨੇੜੇ ਗੁਰਜਰ ਚੌਕ ’ਚ ਗੈਂਗਸਟਰ ਸਰੋਜ ਰਾਏ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਾੜੀ ਇਲਾਕੇ ਵੱਲ ਫਰਾਰ ਹੋ ਗਿਆ ਤੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਹੱਥ ’ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਵਾਬੀ ਕਾਰਵਾਈ ’ਚ ਗੋਲੀ ਵੱਜਣ ਕਾਰਨ ਗੈਂਗਸਟਰ ਸਰੋਜ ਰਾਏ ਜ਼ਖ਼ਮੀ ਹੋ ਗਿਆ ਜਦਕਿ ਉਸ ਦਾ ਸਾਥੀ ਫਰਾਰ ਹੋਣ ’ਚ ਸਫਲ ਹੋ ਗਿਆ। ਜ਼ਖਮੀ ਮੁਲਾਜ਼ਮ ਤੇ ਗੈਂਗਸਟਰ ਸਰੋਜ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਖੇੜਕੀ ਦੌਲਾ ਥਾਣੇ ’ਚ ਇੱਕ ਕੇਸ ਦਰਜ ਕੀਤਾ ਗਿਆ ਹੈ। -ਆਈਏਐੱਨਐੱਸ
The post Encounter: ਹਰਿਆਣਾ: ਬਿਹਾਰ ਨਾਲ ਸਬੰਧਤ ਲੋੜੀਂਦਾ ਗੈਂਗਸਟਰ ਸਰੋਜ ਰਾਏ ਮੁਕਾਬਲੇ ’ਚ ਹਲਾਕ appeared first on Punjabi Tribune.