ਸ਼ਿਮਲਾ, 30 ਨਵੰਬਰ
ਸ਼ਿਮਲਾ ਦੀ ਜ਼ਿਲ੍ਹਾ ਕੋਰਟ ਨੇ ਸੰਜੌਲੀ ਮਸਜਿਦ ਦੀਆਂ ‘ਗੈਰਕਾਨੂੰਨੀ’ ਤਰੀਕੇ ਨਾਲ ਉਸਾਰੀਆਂ ਤਿੰਨ ਮੰਜ਼ਿਲਾਂ ਢਾਹੁਣ ਦੇ ਮਿਉਂਸਿਪਲ ਕਮਿਸ਼ਨਰ ਦੀ ਕੋਰਟ ਦੇ 5 ਅਕਤੂੁਬਰ ਦੇ ਹੁਕਮਾਂ ਨੂੰ ਚੁਣੌਤੀ ਦਿੰਦੀ ਆਲ ਹਿਮਾਚਲ ਮੁਸਲਿਮ ਆਰਗੇਨਾਈਜ਼ੇਸ਼ਨ (ਏਐੱਚਐੱਮਓ) ਵੱਲੋਂ ਦਾਇਰ ਅਪੀਲ ਰੱਦ ਕਰ ਦਿੱਤੀ ਹੈ। ਏਐੱਚਐੱਮਓ ਵੱਲੋਂ ਪੇਸ਼ ਵਕੀਲ ਵਿਸ਼ਵ ਭੂਸ਼ਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਤੇ ਉਨ੍ਹਾਂ ਨੂੰ ਤਫ਼ਸੀਲੀ ਹੁਕਮਾਂ ਦੀ ਉਡੀਕ ਹੈ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਮਸਜਿਦ ਦਾ ਗੈਰਕਾਨੂੰਨੀ ਹਿੱਸਾ ਢਾਹੁਣ ਦੀ ਮੰਗ ਨੂੰ ਲੈ ਕੇ ਕੀਤੇ ਰੋਸ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਸੀ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿਚ ਕਈ ਹਿੰਦੂ ਜਥੇਬੰੰਦੀਆਂ ਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਉਪਰੰੰਤ ਸੰਜੌਲੀ ਮਸਜਿਦ ਕਮੇਟੀ ਦੇ ਪ੍ਰਧਾਨ ਲਤੀਫ਼ ਮੁਹੰਮਦ ਤੇ ਹੋਰਨਾਂ ਨੇ ਮਸਜਿਦ ਦੀਆਂ ਤਿੰਨ ‘ਅਣਅਧਿਕਾਰਤ’ ਮੰਜ਼ਿਲਾਂ ਢਾਹੁਣ ਦੀ ਪੇਸ਼ਕਸ਼ ਕਰਦੇ ਹੋਏ ਮਿਉਂਸਿਪਲ ਕਮਿਸ਼ਨਰ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਸੀ। ਮਿਉਂਸਿਪਲ ਕਮਿਸ਼ਨਰ ਦੀ ਕੋਰਟ ਨੇ 5 ਅਕਤੂਬਰ ਨੂੰ ਸੁਣਾਏ ਹੁਕਮਾਂ ਵਿਚ ਮਸਜਿਦ ਦੀਆਂ ਗੈਰਕਾਨੂੰਨੀ ਢੰਗ ਨਾਲ ਉਸਾਰੀਆਂ ਤਿੰਨ ਮੰਜ਼ਿਲਾਂ ਢਾਹੁਣ ਦੀ ਮਨਜ਼ੂਰੀ ਦਿੰਦਿਆਂ ਇਹ ਪੂਰਾ ਅਮਲ ਦੋ ਮਹੀਨਿਆਂ ਵਿਚ ਨਿਬੇੜਨ ਲਈ ਕਿਹਾ ਸੀ। ਇਸ ਮਗਰੋਂ ਏਐੱਚਐੱਮਓ ਨੇ ਜ਼ਿਲ੍ਹਾ ਕੋਰਟ ਵਿਚ ਇਸ ਫੈਸਲੇ ਖਿਲਾਫ਼ ਅਪੀਲ ਦਾਇਰ ਕਰਦਿਆਂ ਦਾਅਵਾ ਕੀਤਾ ਸੀ ਕਿ ਲਤੀਫ਼ ਉਨ੍ਹਾਂ ਦਾ ਅਧਿਕਾਰਤ ਨੁਮਾਇੰਦਾ ਨਹੀਂ ਸੀ। -ਪੀਟੀਆਈ
The post ਸੰਜੌਲੀ ਮਸਜਿਦ: ਸ਼ਿਮਲਾ ਕੋਰਟ ਵੱਲੋਂ ਮੁਸਲਿਮ ਧਿਰ ਦੀ ਅਰਜ਼ੀ ਰੱਦ appeared first on Punjabi Tribune.