ਮੁੰਬਈ, 30 ਨਵੰਬਰ
ਮਹਾਰਾਸ਼ਟਰ ਵਿੱਚ ਮਹਾਯੁਤੀ ਗਠਜੋੜ ਦੀ ਨਵੀਂ ਸਰਕਾਰ 5 ਦਸੰਬਰ ਨੂੰ ਬਣੇਗੀ, ਜਿਸ ਦਾ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੁੜ ਸਭ ਤੋਂ ਅੱਗੇ ਚੱਲ ਰਹੇ ਹਨ। ਇਹ ਦਾਅਵਾ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਸ਼ਨਿੱਚਰਵਾਰ ਨੂੰ ਕੀਤਾ। ਨਵੀਂ ਮਹਾਯੁਤੀ ਸਰਕਾਰ ਦਾ ਹਲਫ਼ਦਾਰੀ ਸਮਾਗਮ 5 ਦਸੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਹੋਵੇਗਾ। ਮਹਾਰਾਸ਼ਟਰ ਭਾਜਪਾ ਇਕਾਈ ਨੇ ਕਿਹਾ ਕਿ ਹਲਫ਼ਦਾਰੀ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਵਾਨਕੁਲੇ ਨੇ ਸ਼ਨਿੱਚਰਵਾਰ ਸ਼ਾਮ ਨੂੰ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਹਾਰਾਸ਼ਟਰ ਵਿਚ ਮਹਾਯੁਤੀ ਸਰਕਾਰ ਦਾ ਹਲਫ਼ਦਾਰੀ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂੁਦਗੀ ਵਿਚ ਵੀਰਵਾਰ 5 ਦਸੰਬਰ 2024 ਨੂੰ ਸ਼ਾਮ ਪੰਜ ਵਜੇ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਹੋਵੇਗਾ।’’ ਮਹਾਯੁਤੀ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਸਰਪ੍ਰਸਤੀ ਵਾਲੀ ਐੱਨਸੀਪੀ ਸ਼ਾਮਲ ਹਨ।
ਗ਼ੌਰਤਲਬ ਹੈ ਕਿ 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ), ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਮਹਾਯੁਤੀ ਗਠਜੋੜ ਨੇ 288 ਸੀਟਾਂ ਵਿੱਚੋਂ 230 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਸੀ। ਗੱਠਜੋੜ ਵਿਚੋਂ ਭਾਜਪਾ 132 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਜਦੋਂਕਿ ਸ਼ਿਵ ਸੈਨਾ ਨੇ 57 ਅਤੇ ਐਨਸੀਪੀ ਨੇ 41 ਸੀਟਾਂ ਜਿੱਤੀਆਂ।
ਚੋਣ ਨਤੀਜਿਆਂ ਦੇ 23 ਨਵੰਬਰ ਨੂੰ ਹੋਏ ਐਲਾਨ ਨੂੰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਰਕਾਰ ਦਾ ਗਠਨ ਨਹੀਂ ਹੋ ਸਕਿਆ, ਕਿਉਂਕਿ ਤਿੰਨ ਧਿਰੀ ਗਠਜੋੜ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸ਼ਿੰਦੇ, ਫੜਨਵੀਸ ਅਤੇ ਪਵਾਰ ਨੇ ਅਗਲੀ ਸਰਕਾਰ ਲਈ ਸੱਤਾ ਦੀ ਵੰਡ ਸਬੰਧੀ ਸਮਝੌਤੇ ‘ਤੇ ਚਰਚਾ ਕਰਨ ਲਈ ਵੀਰਵਾਰ ਦੇਰ ਰਾਤ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਣ ਵਾਲੀ ਮਹਾਯੁਤੀ ਦੀ ਇੱਕ ਅਹਿਮ ਟਾਲ ਦਿੱਤੀ ਗਈ ਸੀ ਕਿਉਂਕਿ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਾਤਾਰਾ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਚਲੇ ਗਏ ਹਨ। ਹੁਣ ਇਹ ਮੀਟਿੰਗ ਐਤਵਾਰ ਨੂੰ ਹੋਣ ਦੀ ਸੰਭਾਵਨਾ ਹੈ।
ਭਾਜਪਾ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉਤੇ ਦੱਸਿਆ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਹੋਵੇਗਾ। ਆਗੂ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਦੇਵੇਂਦਰ ਫੜਨਵੀਸ, ਜੋ ਦੋ ਵਾਰ ਮੁੱਖ ਮੰਤਰੀ ਅਤੇ ਪਿਛਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ, ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਹਨ। ਭਾਜਪਾ ਦੇ ਇੱਕ ਹੋਰ ਸੀਨੀਅਰ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਹੋਵੇਗਾ।
ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ 2 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ। ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਲੀਡਰਸ਼ਿਪ ਦੇ ਅਗਲੇ ਮੁੱਖ ਮੰਤਰੀ ਦੇ ਨਾਮ ਦੇ ਫੈਸਲੇ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ ਅਤੇ ਉਹ ਇਸ ਪ੍ਰਕਿਰਿਆ ਵਿੱਚ ਕੋਈ ਅੜਿੱਕਾ ਨਹੀਂ ਬਣਨਗੇ, ਜਦੋਂ ਕਿ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਮੁੱਖ ਮੰਤਰੀ ਅਹੁਦੇ ਲਈ ਫੜਨਵੀਸ ਦਾ ਸਮਰਥਨ ਕੀਤਾ ਹੈ।
ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਅਗਵਾਈ ਵਾਲੇ ਮਹਾ ਵਿਕਾਸ ਅਗਾੜੀ (MVA) ਨੂੰ ਜ਼ੋਰਦਾਰ ਹਾਰ ਝੱਲਣੀ ਪਈ। ਇਨ੍ਹਾਂ ਚੋਣਾਂ ਵਿਚ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਸਿਰਫ 16 ਸੀਟਾਂ ਹੀ ਜਿੱਤ ਸਕੀ, ਜਿਹੜਾ ਇਸ ਦਾ ਹੁਣ ਤੱਕ ਦਾ ਸੂਬੇ ਵਿਚ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਸ਼ਰਦ ਪਵਾਰ ਦੀ ਐਨਸੀਪੀ (ਐਸਪੀ) ਵੀ ਸਿਰਫ਼ 10 ਸੀਟਾਂ ਹੀ ਜਿੱਤ ਸਕੀ, ਜਦੋਂ ਕਿ ਊਧਵ ਠਾਕਰੇ ਦੀ (ਯੂਬੀਟੀ) ਨੇ 20 ਸੀਟਾਂ ਜਿੱਤੀਆਂ। -ਪੀਟੀਆਈ
The post Maharashtra Govt Formation: ਮਹਾਰਾਸ਼ਟਰ ’ਚ ਨਵੀਂ ਮਹਾਯੁਤੀ ਸਰਕਾਰ ਦਾ ਹਲਫ਼ਦਾਰੀ ਸਮਾਗਮ 5 ਦਸਬੰਰ ਨੂੰ, ਪ੍ਰਧਾਨ ਮੰਤਰੀ ਮੋਦੀ ਹੋਣਗੇ ਸ਼ਾਮਲ appeared first on Punjabi Tribune.