Ayodhya Ram Mandir Anniversary: ਅਯੁੱਧਿਆ ’ਚ ਰਾਮ ਲੱਲਾ ਮੂਰਤੀ ਪ੍ਰਾਣਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਸਮਾਗਮ ਸ਼ੁਰੂ

Ayodhya Ram Mandir Anniversary: ਅਯੁੱਧਿਆ ’ਚ ਰਾਮ ਲੱਲਾ ਮੂਰਤੀ ਪ੍ਰਾਣਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਸਮਾਗਮ ਸ਼ੁਰੂ


ਅਯੁੱਧਿਆ, 11 ਜਨਵਰੀ
ਰਾਮ ਮੰਦਰ ਵਿੱਚ ਰਾਮ ਲੱਲਾ ਮੂਰਤੀ ਅਭਿਸ਼ੇਕ ਤੇ ਪ੍ਰਾਣਪ੍ਰਤਿਸ਼ਠਾ ਸਮਾਰੋਹ ਦੀ ਪਹਿਲੀ ਵਰ੍ਹੇਗੰਢ ਦੇ ਸਮਾਰੋਹ ਸ਼ਨਿੱਚਰਵਾਰ ਨੂੰ ਇਥੇ ਸ਼ੁਰੂ ਹੋਏ, ਜਿਥੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂ ਵੱਖ-ਵੱਖ ਸਮਾਗਮਾਂ ਵਿੱਚ ਹਿੱਸਾ ਲੈਣਗੇ। ਰਾਮ ਮੰਦਰ ਕੰਪਲੈਕਸ ਵਿੱਚ ਅੱਜ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਣਗੇ। ਵਰ੍ਹੇਗੰਢ ਸਮਾਰੋਹ ਦਾ ਆਰੰਭ ਯਜੁਰਵੇਦ ਦੇ ਪਾਠ ਨਾਲ ਕੀਤਾ ਗਿਆ।
ਇਸ ਮੌਕੇ ਰਾਮ ਲੱਲਾ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਬੀਤੇ ਸਾਲ 22 ਜਨਵਰੀ ਨੂੰ ਹੋਏ ਪ੍ਰਾਣਪ੍ਰਤਿਸ਼ਠਾ ਸਮਾਰੋਹ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ ਜਿਨ੍ਹਾਂ ਅੱਜ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।

ਆਪਣੇ ਵਧਾਈ ਸੰਦੇਸ਼ ਵਿਚ ਉਨ੍ਹਾਂ ਕਿਹਾ, “ਅਯੁੱਧਿਆ ਵਿੱਚ ਰਾਮ ਲੱਲਾ ਦੀ ਪਹਿਲੀ ਵਰ੍ਹੇਗੰਢ ‘ਤੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ। ਸਦੀਆਂ ਦੇ ਤਿਆਗ, ਤਪੱਸਿਆ ਅਤੇ ਸੰਘਰਸ਼ ਨਾਲ ਬਣਿਆ ਇਹ ਮੰਦਰ ਸਾਡੀ ਸੰਸਕ੍ਰਿਤੀ ਅਤੇ ਅਧਿਆਤਮ ਦੀ ਇੱਕ ਮਹਾਨ ਵਿਰਾਸਤ ਹੈ।’’ ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਹਿੰਦੀ ਵਿਚ ਪਾਈ ਪੋਸਟ ਵਿਚ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਹ ਸ਼ਾਨਦਾਰ ਰਾਮ ਮੰਦਰ ਵਿਕਸਤ ਭਾਰਤ ਦੇ ਸੰਕਲਪ ਦੀ ਨੂੰ ਸਾਕਾਰ ਕਰਨ ਲਈ ਇਕ ਮਹਾਨ ਪ੍ਰੇਰਨਾ ਬਣੇਗਾ।”

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੰਦਿਰ ਟਰੱਸਟ ਦੇ ਅਨੁਸਾਰ 11 ਤੋਂ 13 ਜਨਵਰੀ ਤੱਕ ਨਿਰਧਾਰਤ ਜਸ਼ਨਾਂ ਦਾ ਉਦੇਸ਼ ਉਨ੍ਹਾਂ ਆਮ ਲੋਕਾਂ ਨੂੰ ਸਮਾਗਮਾਂ ਵਿਚ ਸ਼ਾਮਲ ਕਰਨਾ ਹੈ, ਜੋ ਪਿਛਲੇ ਸਾਲ ਹੋਏ ਇਤਿਹਾਸਕ ਪ੍ਰਾਣਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਉਹ ਇਸ ਸਬੰਧੀ ਸੱਦੇ ਗਏ 110 ਵੀਆਈਪੀਜ਼ ਦੇ ਨਾਲ ਸਮਾਰੋਹ ਵਿਚ ਸ਼ਰੀਕ ਹੋਣਗੇ।

ਪਹਿਲਾਂ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਸੀ, “ਟਰੱਸਟ ਨੇ ਆਮ ਲੋਕਾਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ ਜੋ ਪਿਛਲੇ ਸਾਲ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਉਨ੍ਹਾਂ ਨੂੰ ਅੰਗਦ ਟੀਲਾ ਵਿਖੇ ਤਿੰਨੋਂ ਦਿਨਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।” -ਪੀਟੀਆਈ

The post Ayodhya Ram Mandir Anniversary: ਅਯੁੱਧਿਆ ’ਚ ਰਾਮ ਲੱਲਾ ਮੂਰਤੀ ਪ੍ਰਾਣਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਸਮਾਗਮ ਸ਼ੁਰੂ appeared first on Punjabi Tribune.





Source link