ਪੱਤਰ ਪ੍ਰੇਰਕ
ਜ਼ੀਰਾ, 3 ਫਰਵਰੀ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਅਹਿਮ ਮੀਟਿੰਗ ਜ਼ੀਰਾ ਵਿਖੇ ਹੋਈ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਸਿੱਖਿਆ ਲਈ ਰੱਖਿਆ ਗਿਆ ਬਜਟ ਸਿੱਖਿਆ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਦੇ ਨੇੜੇ-ਤੇੜੇ ਵੀ ਨਹੀਂ ਢੁਕਦਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿੱਖਿਆ ਕਮਿਸ਼ਨਾਂ ਦੁਆਰਾ ਬਜਟ ਵਿੱਚ ਸਿੱਖਿਆ ਲਈ ਕੁੱਲ ਘਰੇਲੂ ਉਤਪਾਦਨ ਦੇ 6 ਪ੍ਰਤੀਸ਼ਤ ਰਾਸ਼ੀ ਸਿੱਖਿਆ ਲਈ ਰੱਖਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਪਰ ਇਸ ਬਜਟ ਵਿੱਚ ਸਿੱਖਿਆ ਲਈ ਕੁੱਲ 1.28 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ, ਜੋ ਕਿ ਬਜਟ ਦੇ ਕੁੱਲ ਖਰਚੇ ( 50.65 ਲੱਖ ਕਰੋੜ ) ਦੀ ਰਾਸ਼ੀ ਦਾ ਵੀ ਮੁਸ਼ਕਲ ਨਾਲ 2.5 ਫੀਸਦ ਬਣਦਾ ਹੈ ਤੇ ਕੁੱਲ ਘਰੇਲੂ ਉਤਪਾਦਨ ਦਾ ਪੂਰਾ ਇੱਕ ਫੀਸਦੀ ਵੀ ਨਹੀਂ। ਇਸ ਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਸਿੱਖਿਆ ਪ੍ਰਤੀ ਕਿੰਨੀ ਕੁ ਗੰਭੀਰ ਹੈ। ਡੀਟੀਐੱਫ ਆਗੂਆਂ ਯੁੱਧਜੀਤ ਸਰਾਂ, ਉਡੀਕ ਚਾਵਲਾ, ਗੁਰਦੇਵ ਸਿੰਘ ਭਾਗੋਕੇ, ਗੁਰਮੀਤ ਤੂੰਬੜਭੰਨ ਅਤੇ ਅਜੈ ਪਵਾਰ ਨੇ ਅਧਿਆਪਕਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਨੂੰ ਬਚਾਉਣ ਲਈ ਅੱਗੇ ਆਉਣ।
The post ਅਧਿਆਪਕਾਂ ਵੱਲੋਂ ਕੇਂਦਰੀ ਬਜਟ ਦਾ ਵਿਰੋਧ appeared first on Punjabi Tribune.