ਇੰਗਲੈਂਡ ਵਿਚ ਖ਼ੁਦਕੁਸ਼ੀ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣਾ ਮੌੜ ਅੱਗੇ ਧਰਨਾ

ਇੰਗਲੈਂਡ ਵਿਚ ਖ਼ੁਦਕੁਸ਼ੀ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣਾ ਮੌੜ ਅੱਗੇ ਧਰਨਾ


ਕੁਲਦੀਪ ਭੁੱਲਰ
ਮੌੜ ਮੰਡੀ, 16 ਮਾਰਚ
ਹਲਕਾ ਮੌੜ ਦੇ ਪਿੰਡ ਸੰਦੋਹਾ ਦੇ ਤੇਜਿੰਦਰ ਸਿੰਘ ਨੂੰ ਇੰਗਲੈਂਡ ਵਿਚ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲੀਸ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਥਾਣਾ ਮੌੜ ਅੱਗੇ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ।

ਇਸ ਮੌਕੇ ਸੁਰਜੀਤ ਸਿੰਘ ਸੰਦੋਹਾ ਆਗੂ ਭਾਰਤੀ ਕਿਸਾਨ ਯੂਨੀਅਨ ਮਾਨਸਾ, ਸਰੂਪ ਸਿੰਘ ਸਿੱਧੂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਦਾਰਾ ਸਿੰਘ ਮਾਈਸਰਖਾਨਾ ਜ਼ਿਲਾ ਪ੍ਰਧਾਨ, ਦਰਸ਼ਨ ਸਿੰਘ ਇਕਾਈ ਪ੍ਰਧਾਨ ਬੀਕੇਯੂ ਸਿੱਧੂਪੁਰ, ਗੁਰਸੇਵਕ ਸਿੰਘ ਸਰਪੰਚ ਸੰਦੋਹਾ, ਹਰਬੰਸ ਸਿੰਘ ਸੰਦੋਹਾ ਅਤੇ ਬਲਕਰਨ ਸਿੰਘ ਕਲੱਬ ਪ੍ਰਧਾਨ ਸੰਦੋਹਾ ਤੇ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਕਰੀਬ ਨੌਂ ਸਾਲ ਪਹਿਲਾ ਤੇਜਿੰਦਰ ਸਿੰਘ ਦਾ ਵਿਆਹ ਮਨਜੀਤ ਕੌਰ ਉਰਫ਼ ਅਮਨ ਨਾਲ ਹੋਇਆ ਸੀ| ਆਪਣੀ ਪਤਨੀ ਦੀ ਬਾਹਰ ਜਾਣ ਦੀ ਜ਼ਿੱਦ ਨੂੰ ਪੂਰਾ ਕਰਨ ਲਈ ਤੇਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਕਰੀਬ 12 ਵਾਰ ਆਪਣੀ ਨੂੰਹ ਮਨਜੀਤ ਕੌਰ ਦਾ ਆਈਲੈਟਸ ਦਾ ਪੇਪਰ ਦਿਵਾਇਆ ਤੇ ਇਸ ਦੌਰਾਨ ਕਈ ਵਾਰ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ| ਉਪਰੰਤ 40-45 ਲੱਖ ਰੁਪਏ ਖਰਚ ਕੇ ਅਖੀਰ 2023 ’ਚ ਮਨਜੀਤ ਕੌਰ ਉਰਫ਼ ਅਮਨ ਇੰਗਲੈਂਡ ਚਲੀ ਗਈ| ਕੁਝ ਮਹੀਨੇ ਬਾਅਦ ਤੇਜਿੰਦਰ ਸਿੰਘ ਵੀ ਇੰਗਲੈਂਡ ਚਲਾ ਗਿਆ।

ਤੇਜਿੰਦਰ ਸਿੰਘ ਜਦ ਇੰਗਲੈਂਡ ਪਹੁੰਚਿਆ ਤਾਂ ਉਸ ਨਾਲ ਉਸ ਦੀ ਪਤਨੀ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਉਸ ਦੇ ਡਾਕੂਮੈਂਟਸ ਵੀ ਉਸ ਤੋਂ ਖੋਹ ਲਏ ਗਏ, ਕਿਉਂਕਿ ਤੇਜਿੰਦਰ ਸਿੰਘ ਦੀ ਪਤਨੀ ਕਿਸੇ ਹੋਰ ਲੜਕੇ ਨਾਲ ਇੰਗਲੈਂਡ ‘ਚ ਰਹਿ ਰਹੀ ਸੀ। ਤੇਜਿੰਦਰ ਸਿੰਘ ਨੂੰ ਮਾਨਸਿਕ ਤੌਰ ’ਤੇ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਅਖੀਰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ|

ਉਨ੍ਹਾਂ ਦੱਸਿਆ ਕਿ ਤੇਜਿੰਦਰ ਸਿੰਘ ਨੇ ਮੌਤ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਾਸੀਆਂ ਦੇ ਨਾਮ ਭਾਵੁਕ ਕਰਦੀ ਵੀਡਿਓ ਵੀ ਪਾਈ ਸੀ ਅਤੇ ਕਿਹਾ ਸੀ ਕਿ ਲੜਕੀਆਂ ’ਤੇ ਜ਼ਿਆਦਾ ਭਰੋਸਾ ਕਰਕੇ ਐਵੇਂ ਰੁਪਏ ਦੀ ਬਰਬਾਦੀ ਨਾ ਕਰੋ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀਡੀਓ ਰਾਹੀਂ ਅਪੀਲ ਕੀਤੀ ਕਿ ਇੱਕ ਵਾਰ ਉਸ ਦੀ ਮੌਤ ਮਗਰੋਂ ਉਹਦੇ ਪਿਤਾ ਕੋਲ ਜ਼ਰੂਰ ਬੈਠ ਕੇ ਜਾਣਾ ਅਤੇ ਉਸ ਦਾ ਦਰਦ ਦੇਖਣਾ ਅਤੇ ਪੰਜਾਬ ਬਚਾਉਣ ਲਈ ਯਤਨ ਕਰਨਾ|

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪੁਲੀਸ ਤੋਂ ਮੰਗ ਕੀਤੀ ਹੈ ਕਿ ਵੀਡੀਓ ਵਿਚ ਤੇਜਿੰਦਰ ਸਿੰਘ ਨੇ ਆਪਣੀ ਮੌਤ ਲਈ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇੰਗਲੈਂਡ ਰਹਿੰਦੀ ਮਨਜੀਤ ਕੌਰ ਅਤੇ ਉਸ ਦੇ ਸਾਥੀਆਂ ਨੂੰ ਵੀ ਭਾਰਤ ਲਿਆ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਵਜ੍ਹਾ ਮੌਤ ਦੇ ਮੂੰਹ ’ਚ ਜਾਣ ਤੋਂ ਬਚਾਇਆ ਜਾ ਸਕੇ| ਜਦੋਂ ਧਰਨੇ ਸਬੰਧੀ ਥਾਣਾ ਮੌੜ ਦੇ ਮੁਖੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

The post ਇੰਗਲੈਂਡ ਵਿਚ ਖ਼ੁਦਕੁਸ਼ੀ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਥਾਣਾ ਮੌੜ ਅੱਗੇ ਧਰਨਾ appeared first on Punjabi Tribune.



Source link