Punjab : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਤਰਨ ਤਾਰਨ, 29 ਨਵੰਬਰ 2025 (ਵਿਸ਼ਵ ਵਾਰਤਾ) – ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ (Punjab) ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਮੈਂਬਰਾਂ ਦੀਆਂ ਆਮ ਚੋਣਾਂ ਸਬੰਧੀ ਐਲਾਨੇ ਪ੍ਰੋਗਰਾਮ ਦੇ ਮੱਦੇਨਜ਼ਰ ਇਹਨਾਂ ਚੋਣਾਂ ਮੌਕੇ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ, ਲੋਕ ਹਿਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਅਤੇ ਚੋਣਾਂ ਨੂੰ ਸੁਚੱਜੇ, ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮਗਰੀ, ਮਾਰੂ ਹਥਿਆਰ ਆਦਿ ਨੂੰ ਨਾਲ ਲੈ ਕੇ ਚੱਲਣ `ਤੇ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਰਾਹੁਲ, ਆਈ.ਏ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਲਾਇਸੰਸੀ ਹਥਿਆਰ, ਗੋਲੀ-ਸਿੱਕਾ, ਵਿਸਫੋਟਕ ਸਮਗਰੀ, ਮਾਰੂ ਹਥਿਆਰ ਆਦਿ ਨਾਲ ਲੈ ਕੇ ਜਾਣ `ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਦੇ ਉਹਨਾਂ ਸਾਰੇ ਅਸਲਾ ਲਾਇਸੰਸਧਾਰਕਾਂ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਜਿਨਾਂ ਨੂੰ ਜ਼ਿਲ੍ਹਾ ਸਕਰੀਨਿੰਗ ਕਮੇਟੀ ਦੀ ਸਿਫਾਰਿਸ਼ `ਤੇ ਜ਼ਿਲ੍ਹਾ ਮਜਿਸਟਰੇਟ ਤਰਨ ਤਾਰਨ ਦੇ ਦਫ਼ਤਰ ਦੁਆਰਾ ਜਾਰੀ ਕੀਤਾ ਗਿਆ ਅਜਿਹਾ ਨੋਟਿਸ/ਹੁਕਮ ਪ੍ਰਾਪਤ ਹੁੰਦਾ ਹੈ, ਉਹ ਆਪਣੇ ਹਥਿਆਰ ਅਤੇ ਗੋਲੀ ਸਿੱਕਾ ਅਜਿਹੇ ਨੋਟਿਸ/ਹੁਕਮ ਪ੍ਰਾਪਤ ਹੋਣ ਦੇ ਸੱਤ ਦਿਨਾਂ ਦੇ ਅੰਦਰ-ਅੰਦਰ ਆਪਣਾ ਅਸਲਾ ਲੋਕਲ ਥਾਣੇ ਜਾਂ ਮਨਜ਼ੂਰਸ਼ੁਦਾ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਵਾਉਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਮਨਾਹੀ ਦੇ ਇਹ ਹੁਕਮ ਪੁਲਿਸ, ਮਿਲਟਰੀ, ਪੈਰਾ ਮਿਲਟਰੀ ਅਤੇ ਹੋਰ ਸਰਕਾਰੀ ਕਰਮਚਾਰੀ ਜੋ ਕਿ ਹਥਿਆਰ ਰੱਖਣ ਲਈ ਕਾਨੂੰਨੀ ਤੌਰ `ਤੇ ਪਾਬੰਦ ਹਨ, ਉਪਰ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਉਹ ਸ਼ੂਟਿੰਗ ਖਿਡਾਰੀ ਜੋ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਮੈਂਬਰ ਹਨ ਅਤੇ ਵੱਖ-ਵੱਖ ਪੱਧਰਾਂ ਉੱਪਰ ਸ਼ੂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਇਸ ਪਾਬੰਦੀ ਤੋਂ ਬਾਹਰ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਮਾਮਲੇ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਮਨਾਹੀ ਦਾ ਇਹ ਹੁਕਮ ਇੱਕ ਤਰਫਾ ਜਾਰੀ ਕਰਕੇ ਆਮ ਜਨਤਾ ਦੇ ਨਾਮ ਸੰਬੋਧਨ ਕੀਤਾ ਹੈ, ਜੋ ਮਿਤੀ 28 ਨਵੰਬਰ 2025 ਤੋਂ 19 ਦਸੰਬਰ 2025 (ਚੋਣਾਂ ਮੁਕੰਮਲ ਹੋਣ ਤੱਕ) ਤੱਕ ਲਾਗੂ ਰਹੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Punjab : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.









