ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ NRI ਮਹਿਲਾ ਦੀ ਲਾਸ਼ ਉਸਦੇ ਘਰ ਦੇ ਬਾਥਰੂਮ ਵਿੱਚ ਪਈ ਮਿਲੀ। ਲਾਸ਼ ਦੇ ਹੱਥ-ਪੈਰ ਅਤੇ ਮੂੰਹ ਬੰਨੇ ਹੋਏ ਸਨ, ਜਦਕਿ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਮਹਿਲਾ ਦੀ ਨੱਕ-ਮੂੰਹ ਦਬਾ ਕੇ ਹੱਤਿਆ ਕੀਤੀ ਗਈ ਹੈ।
ਮ੍ਰਿਤਕਾ ਦੀ ਪਹਿਚਾਣ ਸੁਰਜੀਤ ਸਿੰਘ ਦੀ ਪਤਨੀ ਜਗਪਾਲ ਕੌਰ (81) ਵਜੋਂ ਹੋਈ ਹੈ। ਮਹਿਲਾ ਕਾਫ਼ੀ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਅਤੇ ਅਕਤੂਬਰ 2025 ਵਿੱਚ ਹੀ ਪੰਜਾਬ ਆਈ ਸੀ। ਉਸ ਨੂੰ ਅਪ੍ਰੈਲ 2026 ਵਿੱਚ ਕੈਨੇਡਾ ਵਾਪਸ ਜਾਣਾ ਸੀ। ਉਸ ਦੇ ਦੋ ਬੱਚੇ ਹਨ, ਜੋ ਕੈਨੇਡਾ ਵਿੱਚ ਹੀ ਰਹਿੰਦੇ ਹਨ।
ਮਹਿਲਾ ਘਰ ਵਿੱਚ ਇਕੱਲੀ ਰਹਿ ਰਹੀ ਸੀ। ਘਰ ਵਿੱਚੋਂ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਹੁਣ ਘਰ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਤੇਜ਼ ਬਦਬੂ ਆਉਣ ’ਤੇ ਪੁਲਿਸ ਨੂੰ ਦਿੱਤੀ ਸੂਚਨਾ
ਜਾਣਕਾਰੀ ਮੁਤਾਬਕ, ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਨਵੀਂ ਆਬਾਦੀ ਖੇਤਰ ਵਿੱਚ ਜਗਪਾਲ ਕੌਰ ਰਹਿ ਰਹੀ ਸਨ। ਉਸ ਦੀ ਦੂਰ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਜਗਪਾਲ ਰਿਟਾਇਰਡ ਟੀਚਰ ਸੀ ਅਤੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ। ਉਹ ਅਕਤੂਬਰ 2025 ਵਿੱਚ ਕੈਨੇਡਾ ਤੋਂ ਭਾਰਤ ਆਈ ਅਤੇ ਅਪ੍ਰੈਲ 2026 ਵਿੱਚ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ।
ਰਿਸ਼ਤੇਦਾਰ ਨੇ ਦੱਸਿਆ ਕਿ ਜਗਪਾਲ ਕੌਰ ਖੰਨਾ ਵਿੱਚ ਆਪਣੇ ਘਰ ਵਿੱਚ ਇਕੱਲੀ ਰਹਿ ਰਹੀ ਸੀ। ਐਤਵਾਰ ਦੀ ਸਵੇਰ ਨੂੰ ਗੁਆਂਡੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਜਗਪਾਲ ਦੇ ਘਰ ਤੋਂ ਤੇਜ਼ ਬਦਬੂ ਆ ਰਹੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ, ਤਾਂ ਮਹਿਲਾ ਦੀ ਲਾਸ਼ ਬਾਥਰੂਮ ਵਿੱਚ ਪਈ ਮਿਲੀ।
ਰਿਸ਼ਤੇਦਾਰਾਂ ਨੇ ਕਿਹਾ-ਮੈਂ ਪਿਛਲੇ ਹਫ਼ਤੇ ਹੀ ਮਿਲਣ ਗਈ ਸੀ
ਮਹਿਲਾ ਦੇ ਭਾਣਜੇ ਦੀ ਪਤਨੀ ਨੇ ਦੱਸਿਆ ਕਿ ਜਗਪਾਲ ਕੌਰ ਵਿਦੇਸ਼ ਦੀ ਨਾਗਰਿਕ ਸੀ। ਉਨ੍ਹਾਂ ਦੇ ਬੱਚੇ ਵੀ ਕੈਨੇਡਾ ਵਿੱਚ ਸੈਟਲ ਹਨ। ਉਸਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ, ਉਨ੍ਹਾਂ ਦੀ ਨੌਕਰਾਨੀ ਨੇ ਫੋਨ ਕਰਕੇ ਦੱਸਿਆ ਕਿ ਜਗਪਾਲ ਕੌਰ ਨੂੰ ਵਾਸ਼ਰੂਮ ਵਿੱਚ ਬੰਨ੍ਹ ਕੇ ਸੁੱਟਿਆ ਹੋਇਆ ਹੈ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਜਾਨ ਜਾ ਚੁੱਕੀ ਸੀ।
ਉਸਨੇ ਇਹ ਵੀ ਦੱਸਿਆ ਕਿ ਪਹਿਲਾਂ ਘਰ ਵਿੱਚ ਕਿਰਾਏਦਾਰ ਰਹਿੰਦੇ ਸਨ, ਜਿਨ੍ਹਾਂ ਨੇ 15 ਦਿਨ ਪਹਿਲਾਂ ਕਮਰਾ ਖਾਲੀ ਕੀਤਾ ਸੀ। ਉਹ ਪਿਛਲੇ ਹਫ਼ਤੇ ਹੀ ਉਨ੍ਹਾਂ ਕੋਲ ਮਿਲਣ ਗਈ ਸੀ। ਉਸਨੇ ਕਿਹਾ ਸੀ ਕਿ ਤੁਸੀਂ ਮੇਰੇ ਕੋਲ ਰਹਿਣ ਆ ਜਾਓ, ਪਰ ਜਗਪਾਲ ਕੌਰ ਕਹਿ ਰਹੀ ਸੀ ਕਿ ਉਹ ਘਰ ਇਕੱਲਾ ਨਹੀਂ ਛੱਡ ਸਕਦੀ। ਮਾਰਚ ਜਾਂ ਅਪ੍ਰੈਲ ਵਿੱਚ ਉਹ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਦੇ ਬੱਚਿਆਂ ਨੂੰ ਫੋਨ ਕਰਕੇ ਸੂਚਿਤ ਕਰ ਦਿੱਤਾ ਗਿਆ ਹੈ।
ਹੱਤਿਆ ਤੋਂ ਪਹਿਲਾਂ ਕੁੱਟਮਾਰ ਦਾ ਸ਼ੱਕ
ਪੁਲਿਸ ਦੇ ਮੁਤਾਬਕ, ਮ੍ਰਿਤਕਾ ਦੇ ਹੱਥ ਅਤੇ ਮੂੰਹ ਬੰਨੇ ਹੋਏ ਸਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਮਹਿਲਾ ਨੂੰ ਕਾਬੂ ਕੀਤਾ ਅਤੇ ਫਿਰ ਹੱਤਿਆ ਕੀਤੀ। ਲਾਸ਼ ਦੀ ਸਥਿਤੀ ਦੇਖਦੇ ਹੋਏ ਸ਼ੱਕ ਹੈ ਕਿ ਹੱਤਿਆ ਤੋਂ ਪਹਿਲਾਂ ਮਹਿਲਾ ਨਾਲ ਕੁੱਟਮਾਰ ਵੀ ਕੀਤੀ ਗਈ ਹੋਵੇਗੀ।
ਪੁਲਿਸ ਨੇ CCTV ਫੁਟੇਜ਼ ਖੰਗਾਲੀ
ਪੁਲਿਸ ਨੇ ਮੌਕੇ ’ਤੇ ਫੋਰੇਨਸਿਕ ਟੀਮ ਨੂੰ ਬੁਲਾਕੇ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਵੀ ਫੁਟੇਜ਼ ਖੰਗਾਲੀ ਜਾ ਰਹੀ ਹੈ, ਤਾਂ ਜੋ ਸ਼ੱਕੀ ਵਿਅਕਤੀਆਂ ਦਾ ਪਤਾ ਲੱਗ ਸਕੇ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਘਰ ਤੋਂ ਕੋਈ ਕੀਮਤੀ ਸਾਮਾਨ ਜਾਂ ਨਕਦੀ ਗਾਇਬ ਤਾਂ ਨਹੀਂ ਹੋਈ, ਜਿਸ ਕਾਰਨ ਲੁੱਟ ਦੇ ਮਕਸਦ ਨਾਲ ਹੱਤਿਆ ਕੀਤੀ ਗਈ ਹੋ ਸਕਦੀ ਹੈ, ਇਸ ਸੰਭਾਵਨਾ ਨੂੰ ਵੀ ਦੇਖਿਆ ਜਾ ਰਿਹਾ ਹੈ।
SP ਨੇ ਕਿਹਾ-ਮੂੰਹ ਦਬਾ ਕੇ ਕਤਲ ਕੀਤਾ
ਖੰਨਾ ਦੇ SP ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡਾਇਲ-112 ’ਤੇ ਘਟਨਾ ਦੀ ਸੂਚਨਾ ਮਿਲੀ ਸੀ। ਜਦੋਂ ਮੌਕੇ ’ਤੇ ਪੁਲਿਸ ਟੀਮ ਪਹੁੰਚੀ, ਤਾਂ ਦੇਖਿਆ ਕਿ ਮਹਿਲਾ ਦਾ ਮੂੰਹ ਦਬਾ ਕੇ ਕਤਲ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਕੀਤੀ ਜਾ ਚੁਕੀ ਹੈ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਹੱਤਿਆ ਕਾਂਡ ਦੀ ਪੜਤਾਲ ਕਰਨ ਲਈ CCTV ਵੀ ਖੰਗਾਲੇ ਜਾ ਰਹੇ ਹਨ। ਮ੍ਰਿਤਕਾ ਬਜ਼ੁਰਗ ਜਗਪਾਲ ਕੌਰ ਸੇਵਾਮੁਕਤ ਅਧਿਆਪਿਕਾ ਸਨ। ਵਿਦੇਸ਼ ਵਿੱਚ ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ









