ਰਾਸ਼ਟਰਪਤੀ, PM ਤੇ ਵਜ਼ੀਰ ਵੀ ਕਿਸਾਨ ਮਸਲੇ ਤੇ ਪੰਜਾਬ ਦੇ ਵਜ਼ੀਰਾਂ, MPs ਨਾਲ ਗੱਲਬਾਤ ਲਈ ਤਿਆਰ ਨਹੀਂ

ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਪੂਰਾ ਜ਼ੋਰ ਲਾਇਆ

ਚੰਡੀਗੜ੍ਹ : ਅਜੀਬ ਹਾਲਤ ਹੈ ਕਿ ਕਿਸਾਨੀ ਮੰਗਾਂ ਦੇ ਮਾਮਲੇ ਤੇ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਕਿਸੇ ਵੀ ਕੇਂਦਰੀ ਮੰਤਰੀ ਨੇ ਮਿਲਣ ਤੋਂ ਨਾਂਹ ਕਰ ਕੇ ਵਾਪਸ ਭੇਜ ਦਿਤਾ ਤੇ ਹੁਣ ਉਸੇ ਮਾਮਲੇ ਨੂੰ ਲੈ ਕੇ ਗੱਲਬਾਤ ਦੀ ਇੱਛਾ ਲੈ ਕੇ ਪੰਜਾਬ ਦੇ ਕਾਂਗਰਸੀ ਆਗੂ ਸਮੇਂ ਦੀ ਮੰਗ ਕਰ ਰਹੇ ਹਨ ਪਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ, ਕੋਈ ਕੇਂਦਰੀ ਵਜ਼ੀਰ ਵੀ ਪੰਜਾਬ ਦੇ ਲੀਡਰਾਂ ਨਾਲ ਗੱਲਬਾਤ ਦਾ ਸਮਾਂ ਦੇਣ ਲਈ ਵੀ ਤਿਆਰ ਨਹੀਂ ਲਗਦਾ।

ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਚਲਾਉਣ ਤੋਂ ਕੀਤੀ ਨਾਂਹ, ਪੇਂਡੂ ਵਿਕਾਸ ਫ਼ੰਡ ‘ਤੇ ਲਾਈ ਰੋਕ ਆਦਿ ਮੁੱਦਿਆਂ ਨੂੰ ਲੈ ਕੇ ਹੁਣ ਸੂਬੇ ਦੇ ਕਾਂਗਰਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੀ ਹਦਾਇਤ ਤੋਂ ਬਾਅਦ ਕੇਂਦਰੀ ਰੇਲ ਤੇ ਵਿੱਤ ਮੰਤਰੀ ਨੂੰ ਮਿਲਣ ਲਈ ਕਈ ਦਿਨਾਂ ਤੋਂ ਪੰਜਾਬ ਦੇ ਕਾਂਗਰਸੀ ਸਾਂਸਦ ਦਿੱਲੀ ਗਏ ਹੋਏ ਹਨ ਪਰ ਉਨ੍ਹਾਂ ਨੂੰ ਕੇਂਦਰੀ ਮੰਤਰੀਆਂ ਨੇ ਹਾਲੇ ਤਕ ਮਿਲਣ ਦਾ ਸਮਾਂ ਹੀ ਨਹੀਂ ਦਿਤਾ।

ਇਸ ਤੋਂ ਬਾਅਦ ਇਨ੍ਹਾਂ ਕਾਂਗਰਸੀ ਸਾਂਸਦਾਂ ਨੇ ਇਕ ਮੀਟਿੰਗ ਕਰ ਕੇ ਹੁਣ ਪ੍ਰਧਾਨ ਮੰਤਰੀ ਨੂੰ ਹੀ ਸਿੱਧਾ ਮਿਲਣ ਦਾ ਫ਼ੈਸਲਾ ਕਰਨ ਤੋਂ ਬਾਅਦ ਉਨ੍ਹਾਂ ਤੋਂ ਸਮਾਂ ਮੰਗਿਆ ਹੈ। ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਦੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਜਾਣ-ਬੁਝ ਕੇ
ਨਾਂਹ ਪੱਖੀ ਰਵਈਆ ਅਪਣਾ ਕੇ ਟਕਰਾਅ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਅੰਦੋਲਨ ਕਿਸੇ ਤਰ੍ਹਾਂ ਫ਼ੇਲ੍ਹ ਹੋ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੋਸ਼ਿਸ਼ਾਂ ਕਰ ਕੇ ਕਿਸਾਨਾਂ ਨੂੰ ਅਪਣੇ ਮੰਤਰੀਆਂ ਦੀ ਕਮੇਟੀ ਰਾਹੀਂ ਸਮਝਾ ਕੇ ਰੇਲ ਟਰੈਕ ਮਾਲ ਗੱਡੀਆਂ ਲਈ ਖ਼ਾਲੀ ਕਰਵਾਏ ਹਨ ਪਰ ਕੇਂਦਰੀ ਰੇਲ ਮੰਤਰੀ ਬਿਨਾਂ ਕਾਰਨ ਰੇਲਾਂ ਨੂੰ ਸੁਰੱਖਿਆ ਦਾ ਦੁਹਾਈ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਅੱਜ ਤਕ ਰੇਲ ਪ੍ਰਾਪਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਾ, ਜਿਸ ਕਰ ਕੇ ਸੁਰੱਖਿਆ ਦਾ ਬਹਾਨਾ ਬਣਾਉਣਾ ਵਾਜਬ ਨਹੀਂ ਤੇ ਕੇਂਦਰ ਦੀ ਪੰਜਾਬ ਵਿਰੋਧੀ ਸੋਚ ਨੂੰ ਹੀ ਸਾਹਮਣੇ ਲਿਆਉਂਦਾ ਹੈ।

ਮੋਦੀ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ : ਡਿੰਪਾ

ਤਰਨਤਾਰਨ ਦੇ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕਰ ਰਹੀ ਹੈ ਜਦਕਿ ਪੰਜਾਬੀ ਕਦੇ ਕਿਸੇ ਦਾ ਮਾੜਾ ਨਹੀਂ ਸੋਚਦੇ ਪਰ ਜੇ ਕੋਈ ਅੱਗਿਉਂ ਬਿਨਾਂ ਕਾਰਨ ਚੁਨੌਤੀ ਦੇਵੇ ਤਾਂ ਫਿਰ ਅਪਣੇ ਮਾਨ ਸਨਮਾਨ ਦੀ ਲੜਾਈ ਵੀ ਚੰਗੀ ਤਰ੍ਹਾਂ ਲੜਨਾ ਜਾਣਦੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪਣਾ ਅੜੀਅਲ ਰਵਈਆ ਛੱਡ ਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਸੁਨਣੀ ਚਾਹੀਦੀ ਹੈ ਅਤੇ ਗੱਡੀਆਂ ਆਦਿ ਰੋਕ ਕੇ ਪੰਜਾਬ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਡਿੰਪਾ ਦਾ ਕਹਿਣਾ ਹੈ ਕਿ ਉਹ ਇਸੇ ਲਈ ਕੇਂਦਰੀ ਮੰਤਰੀਆਂ ਨੂੰ ਮਿਲਣਾ ਚਾਹੁੰਦੇ ਹਨ ਤੇ ਹੁਣ ਪ੍ਰਧਾਨ ਮੰਤਰੀ ਤਕ ਵੀ ਪਹੁੰਚ ਕਰ ਰਹੇ ਹਨ।

ਕੇਂਦਰ ਸਰਕਾਰ ਜਾਣ ਬੁਝ ਕੇ ਮਾਹੌਲ ਵਿਗਾੜਨਾ ਚਾਹੁੰਦੀ ਹੈ : ਡਾ. ਅਮਰ ਸਿੰਘ

ਫ਼ਤਿਹਗੜ੍ਹ ਸਾਹਿਬ ਦੇ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਦਾ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਜਾਣ ਬੁਝ ਕੇ ਮਾਹੌਲ ਵਿਗਾੜਨਾ ਚਾਹੁੰਦੀ ਹੈ ਜਦਕਿ ਪੰਜਾਬ ਵਿਚ ਪੂਰੀ ਤਰ੍ਹਾਂ ਅਮਨ ਸ਼ਾਂਤੀ ਹੈ। ਰੇਲਾਂ ਨਾ ਚਲਾਉਣ ਨਾਲ ਵਪਾਰ ਤੇ ਉਦਯੋਗ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਜਦਕਿ ਕਿਸਾਨਾਂ ਵਲੋਂ ਮਾਲ ਗੱਡੀਆਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ।

Courtesy Rozana Spokesman