ਸਾਬਕਾ ਡਿਪਟੀ ਸਪੀਕਰ ਸ. ਬੀਰ ਦਵਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ, ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਦੀ ਬਜਾਏ, ਉਨ੍ਹਾਂ ਨੂੰ ਖ਼ੁਦ ਹੀ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਵਾਸਤੇ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰ ਕੇ ਮਰਨ ਵਰਤ ‘ਤੇ ਬੈਠ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇੰਜ ਕਰਨ ਨਾਲ ਇਕ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀਆਂ ਦੇ ਇਤਿਹਾਸ ਵਿਚ ਖਾਤਾ ਖੁਲ੍ਹ ਜਾਵੇਗਾ, ਨਾਲੇ ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਜਥੇਦਾਰਾਂ ਸਮੇਤ ਅਪਣੇ ‘ਪਿਤਾ ਸਮਾਨ’ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦਾ ਹਰ ਵੇਲੇ ਰਾਗ ਅਲਾਪਦੇ ਰਹਿੰਦੇ ਅਤੇ ਮੁੱਲ ਵੱਟਦੇ ਰਹਿੰਦੇ ਹਨ, ਉਸ ਕੁਰਬਾਨੀ ਦੇ ਮਾਰਗ ਤੇ ਚੱਲਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿਚ, ਉਨ੍ਹਾਂ ਨੂੰ ਵੀ ਥੋੜ੍ਹੀ ਬਹੁਤ ਜਾਚ ਆ ਜਾਵੇਗੀ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਐਵੀਂ ਕੈਪਟਨ ਅਮਰਿੰਦਰ ਸਿੰਘ ਨੂੰ ਅਜੇਹੀ ਸਲਾਹ ਦੇਣ ਦਾ ਕੀ ਫ਼ਾਇਦਾ ਜਿਸ ਦੀ ‘ਸੰਧੂਰੀ ਸ਼ਾਮ’ ਹਰ ਰੋਜ਼, ਸੂਰਜ ਦੇ ਛਿਪਣ ਨਾਲ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ‘ਮਹਿਫ਼ਲੀ ਨਿਜ਼ਾਮ’ ਦੀ ਮਰਿਆਦਾ ਨਿਰਵਿਘਨ ਚਲਦੀ ਰਹਿੰਦੀ ਹੈ ਜਿਸ ਵਿਚ ਕਿਸੇ ਕਿਸਮ ਦੇ ਵਿਘਨ ਦੀ ਕੋਈ ਗੁੰਜਾਇਸ਼ ਹੀ ਨਹੀਂ, ਇਸ ਮਹਿਫ਼ਲੀ ਨਿਜ਼ਾਮ ਦੀ ਮਰਿਆਦਾ ਨੂੰ ਰੋਗ ਜਾਂ ਸੋਗ ਵੀ ਖੰਡਤ ਨਹੀਂ ਕਰ ਸਕਦਾ। ਨਾ ਹੀ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਅਤੇ ਨਾ ਹੀ ਨਕਲੀ ਸ਼ਰਾਬ ਪੀਣ ਕਰ ਕੇ ਮਰਨ ਵਾਲਿਆਂ ਦੇ ਪ੍ਰਵਾਰਾਂ ਦੀਆਂ ਧਾਹਾਂ ਤੇ ਚੀਖ਼ਾਂ, ਇਸ ਦੀ ਲਗਾਤਾਰਤਾ ਨੂੰ ਭੰਗ ਕਰ ਸਕੀਆਂ ਹਨ।
ਇਸ ਮਹਿਫ਼ਲੀ ਨਿਜ਼ਾਮ ਦੀ ਸ਼ਾਮ ਦੀ ‘ਸੂਫ਼ੀਆਨਾ ਚੌਕੀ’ ਵਿਚ, ਉਪਰੋਕਤ ਸੱਭ ਉਦਾਸੀਆਂ ਦੇ ਬਾਵਜੂਦ “ਦਮਾ ਦਮ ਮਸਤ ਕਲੰਦਰ” ਦੀ ਕਲਾ ਦਾ ਅਵਾਜ਼ਾਂ ਗੂੰਜਦਾ ਰਿਹਾ ਅਤੇ ‘ਅਰੂਸਾ’ ਮਸਤੀ ਦੇ ਆਲਮ ਵਿਚ, ਅਪਣੇ ਰੰਗ ਬਿਖੇਰਦੀ ਰਹੀ। ਜੇ ਸੁਖਬੀਰ ਨੇ ਕਿਤੇ ‘ਹੀਰ ਵਾਰਸ ਸ਼ਾਹ’ ਦੇ ਕਿੱਸਾ, ਸੁਣਿਆ ਜਾਂ ਪੜ੍ਹਿਆ ਹੁੰਦਾ ਤਾਂ ਵਾਰਸ ਦੀ ਇਹ ਟੂਕ ਉਸ ਨੂੰ ਜ਼ਰੂਰ ਚੇਤੇ ਹੋਣੀ ਸੀ ਕਿ “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ”।
ਉਹਨਾਂ ਕਿਹਾ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਅਜਿਹੀਆਂ ਅਣਹੋਣੀਆਂ ਗੱਲਾਂ ਵਿਚ ਵਕਤ ਜਾਇਆ ਕਰਨ ਦੀ ਬਜਾਏ ਅਪਣੀ ਕੁਰਬਾਨੀ ਦਾ ਸ਼ੁਭ ਮੂਹਰਤ ਕਰਨਾ ਚਾਹੀਦਾ। ਇਤਿਹਾਸਕ ਤੱਥਾਂ ਦੀ ਦ੍ਰਿਸ਼ਟੀ ਵਿਚ, ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਵਿਚ ਕੇਵਲ ਇਕ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਅਜਿਹਾ ਪ੍ਰਧਾਨ ਹੈ ਜਿਸ ਦੀ ਅਪਣੀ, ਪੰਥ, ਪੰਜਾਬ ਅਤੇ ਸਿੱਖ ਕੌਮ ਲਈ, ਕਤੱਈ ਕੋਈ ਕੁਰਬਾਨੀ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦਾ ਮੁੱਲ ਸੱਭ ਤੋਂ ਵੱਧ ਇਨ੍ਹਾਂ ਨੇ ਵਸੂਲ ਕੀਤਾ ਹੈ।
ਪੰਥ ਦੀਆਂ ਕੁਰਬਾਨੀਆਂ ਦੇ ਰਾਗ ਅਲਾਪ ਕੇ, ਅੱਜ ਬਾਦਲ ਪ੍ਰਵਾਰ ਪੰਜਾਬ ਦਾ ਸੱਭ ਤੋਂ ਵੱਧ ਅਮੀਰ, ਕਾਰਪੋਰੇਟ ਘਰਾਣਾ ਬਣ ਗਿਆ ਹੈ, ਪਰ ਜਿਹੜੇ ਕੁਰਬਾਨੀ ਵਾਲੇ ਮਾਸੂਮ ਜਥੇਦਾਰਾਂ ਦੀਆਂ ਜਾਇਦਾਦਾਂ ਕੁਰਕ ਹੋਈਆਂ, ਜਿਨ੍ਹਾਂ ਅਕਾਲੀ ਪ੍ਰਵਾਰਾਂ ਦੇ ਸਿੰਘਾਂ ਨੇ ਅਕਾਲੀ ਮੋਰਚਿਆਂ ਵਿਚ ਜੇਲਾਂ ਕੱਟੀਆਂ, ਸ਼ਹੀਦੀਆਂ ਦਿਤੀਆਂ ਉਨ੍ਹਾਂ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਾਂ ਉਨ੍ਹਾਂ ਸ਼ਹੀਦਾਂ ਅਤੇ ਕੁਰਬਾਨੀ ਕਰਨ ਵਾਲੇ ਪ੍ਰਵਾਰਾਂ ਦੇ ਨਾਮ ਵੀ ਚੇਤੇ ਨਹੀਂ ਹੋਣੇ।
courtesy Rozana Spokesman