ਰੇਲਵੇ ਨੇ ਮਾਲ ਅਤੇ ਯਾਤਰੀ ਗੱਡੀਆਂ ਇਕੱਠਿਆਂ ਚਲਾਉਣ ਦੀ ਅੜੀ ਫੜੀ

ਚੰਡੀਗੜ੍ਹ, 7 ਨਵੰਬਰ

ਪੰਜਾਬ ਵਿੱਚ ਰੇਲ ਪਟੜੀਆਂ ’ਤੇ ਆਵਾਜਾਈ ਬਹਾਲੀ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦਰਮਿਆਨ ਬਣਿਆ ਟਕਰਾਅ ਬਰਕਰਾਰ ਹੈ। ਸੂਬੇ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ਼ ਮਾਲ ਗੱਡੀਆਂ ਲਈ ਲਾਂਘਾ ਦੇਣ ਦੀ ‘ਇਜਾਜ਼ਤ’ ਕੇਂਦਰ ਸਰਕਾਰ ਨੂੰ ਰਾਸ ਨਹੀਂ ਆ ਰਹੀ ਹੈ। ਕੇਂਦਰੀ ਰੇਲਵੇ ਮੰਤਰਾਲੇ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੂ ਅਤੇ ਮਾਲ ਗੱਡੀਆਂ ਇਕੱਠੀਆਂ ਹੀ ਚਲਾਈਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮਾਲ ਗੱਡੀਆਂ ਚਲਾਉਣ ਲਈ ਰੇਲ ਪਟੜੀਆਂ ਖਾਲੀ ਕਰ ਦਿੱਤੀਆਂ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਵੀ 20 ਨਵੰਬਰ ਤੱਕ ਮਾਲ ਗੱਡੀਆਂ ਚਲਾਉਣ ਦੀ ਖੁੱਲ੍ਹ ਦਿੰਦਿਆਂ ਰੇਲ ਪਟੜੀਆਂ ਅਤੇ ਪਲੇਟਫਾਰਮਾਂ ਤੋਂ ਧਰਨੇ ਚੁੱਕ ਕੇ ਰੇਲਵੇ ਸਟੇਸ਼ਨਾਂ ਦੇ ਨਜ਼ਦੀਕ ਤਬਦੀਲ ਕਰ ਲਏ ਸਨ। ਰੇਲਵੇ ਦੇ ਤਾਜ਼ਾ ਫੁਰਮਾਨ ਨਾਲ ਪੰਜਾਬ ਅੰਦਰ ਸਥਿਤੀ ਘਾਤਕ ਹੋ ਸਕਦੀ ਹੈ। ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਉਦਯੋਗਾਂ ਨੂੰ ਪੈ ਰਹੀ ਵੱਡੀ ਮਾਰ ਦੇ ਨਾਲ ਹੀ ਜ਼ਰੂਰੀ ਵਸਤਾਂ ਦੀ ਘਾਟ ਵੀ ਰੜਕਣ ਲੱਗ ਪਈ ਹੈ। ਪੰਜਾਬ ਵਿੱਚ ਉਦਯੋਗਾਂ ਨੂੰ ਕਰੀਬ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਯੂਰੀਆ ਖਾਦ ਦੀ ਕਮੀ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋਵੇਗੀ। ਸੂਬੇ ਵਿੱਚੋਂ ਅਨਾਜ ਦੀ ਢੋਆ-ਢੁਆਈ ਵੀ ਠੱਪ ਹੋਈ ਪਈ ਹੈ। ਕੇਂਦਰ ਦੇ ਤਾਜ਼ਾ ਰੁਖ ਕਾਰਨ ਪੰਜਾਬ ਸਰਕਾਰ ਦੀ ਸਥਿਤੀ ਹੋਰ ਵੀ ਪੇਚੀਦਾ ਬਣਦੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਕ ਬਿਆਨ ਰਾਹੀਂ ਕਿਹਾ ਕਿ  ਲੋਕਾਂ ਦੇ ਹਿੱਤਾਂ ਦਾ ਧਿਆਨ ਰਖਦਿਆਂ ਜਥੇਬੰਦੀਆਂ ਨੇ 6 ਨਵੰਬਰ ਤੋਂ ਰੇਲਵੇ ਲਾਈਨਾਂ ਤੋਂ ਸਾਰੇ ਧਰਨੇ ਚੁੱਕ ਲਏ ਹਨ। ਉਨ੍ਹਾਂ ਕਿਹਾ ਕਿ ਅੱਜ ਜਗ ਜ਼ਾਹਰ ਹੋ ਗਿਆ ਜਦੋਂ ਮੋਦੀ ਸਰਕਾਰ ਨੇ ਇਹ ਸ਼ਰਤ ਮੜ੍ਹ ਦਿੱਤੀ ਕਿ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਭੋਰਾ ਵੀ ਫ਼ਿਕਰ ਨਹੀਂ ਹੈ। ‘ਉਨ੍ਹਾਂ ਨੂੰ ਤਾਂ ਸਿਰਫ਼ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫਿਆਂ ਵਿਚ ਰੁਕਾਵਟ ਆਉਣ ਦਾ ਫਿਕਰ ਹੀ ਸਤਾ ਰਿਹਾ ਹੈ। ਜੇਕਰ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਦਲਾ-ਲਊ ਵਿਹਾਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹ ਸੰਘਰਸ਼ਸ਼ੀਲ ਲੋਕਾਂ ਦੇ ਲਗਾਤਾਰ ਵੱਧ ਰਹੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।’

ਕਿਸਾਨਾਂ ਵੱਲੋੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ 38ਵੇਂ ਦਿਨ ਵੀ ਸ਼ਾਪਿੰਗ ਮਾਲਜ਼, ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ ਅਤੇ ਪ੍ਰਾਈਵੇਟ ਥਰਮਲਾਂ ਸਮੇਤ ਹੋਰ ਥਾਵਾਂ ’ਤੇ ਧਰਨੇ ਜਾਰੀ ਹਨ। ਜੀਦਾ ਟੌਲ ਪਲਾਜ਼ੇ ’ਤੇ 5 ਨਵੰਬਰ ਦੇ ਚੱਕਾ ਜਾਮ ਦੌਰਾਨ ਕਿਸਾਨ ਦੀ ਹਾਦਸੇ ’ਚ ਲੱਤ ਟੁੱਟ ਜਾਣ ਮਗਰੋਂ ਉਸ ਦਾ ਮੁਫ਼ਤ ਇਲਾਜ ਤੇ ਢੁੱਕਵੇਂ ਮੁਆਵਜ਼ੇ ਦੀ ਮੰਗ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਅਣਸੁਣੀ ਕਰਨ ’ਤੇ ਅੱਜ ਉਸੇ ਥਾਂ ਮੁੜ ਦੋ ਘੰਟੇ ਤੱਕ ਚੱਕਾ ਜਾਮ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਾਪਿੰਗ ਮਾਲ ਕਪੂਰਥਲਾ ਤੇ ਸ਼ੇਰੋਂ ਵੱਲੋਂ ਟੌਲ ਪਲਾਜ਼ੇ (ਤਰਨ ਤਾਰਨ) ਅੱਗੇ ਲੱਗਾ ਧਰਨਾ ਵੀ 29ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਵੱਖ-ਵੱਖ ਥਾਵਾਂ ਉੱਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਤਰਸੇਮ ਸਿੰਘ ਕਪੂਰਥਲਾ ਤੇ ਫਤਿਹ ਸਿੰਘ ਤਰਨ ਤਾਰਨ ਨੇ ਐਲਾਨ ਕੀਤਾ ਕਿ 14 ਨਵੰਬਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਕਾਲੀ ਦੀਵਾਲੀ ਮਨਾਉਂਦਿਆਂ ਘਰਾਂ ਉੱਤੇ ਕਾਲੀਆਂ ਝੰਡੀਆਂ ਲਗਾਈਆਂ ਜਾਣਗੀਆਂ ਤੇ ਮੋਦੀ ਸਰਕਾਰ ਦੇ 1000 ਤੋਂ ਵੱਧ ਪਿੰਡਾਂ ਵਿਚ ਅਰਥੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਅਲੱਗ-ਥਲੱਗ ਕਰਨ ਦੇ ਰਾਹ ਪੈ ਗਈ ਹੈ ਤੇ ਰੇਲ ਟਰੈਕ ਖਾਲੀ ਹੋਣ ਦੇ ਬਾਵਜੂਦ ਵੀ ਮਾਲ ਗੱਡੀਆਂ ਚਲਾਉਣ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਤੇ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ  ਕਰੋਨਾ ਦੌਰਾਨ ਸਿਰਫ਼ ਮਾਲ ਗੱਡੀਆਂ ਚਲਾਈਆਂ ਸਨ ਜਦਕਿ ਯਾਤਰੂ ਗੱਡੀਆਂ ਬੰਦ ਕੀਤੀਆਂ ਸਨ ਤਾਂ ਹੁਣ ਉਹ ਕਿਸ ਆਧਾਰ ’ਤੇ ਮਾਲ ਗੱਡੀਆਂ ਨੂੰ ਯਾਤਰੂ ਗੱਡੀਆਂ ਨਾਲ ਜੋੜ ਰਹੇ ਹਨ।

ਰੇਲ ਟਰੈਕ ਖਾਲੀ ਹੋਣ ਬਾਰੇ ਗਲਤ ਸੁਨੇਹਾ ਦਿੱਤਾ: ਰੇਲਵੇ

ਨਵੀਂ ਦਿੱਲੀ:ਭਾਰਤੀ ਰੇਲਵੇ ਨੇ ਅੱਜ ਪੰਜਾਬ ਸਰਕਾਰ ਵੱਲੋਂ ਮਾਲ ਗੱਡੀਆਂ ਲਈ ਰੇਲ ਟਰੈਕ ਖਾਲੀ ਹੋਣ ਸਬੰਧੀ ਦਿੱਤੇ ਸੁਨੇਹੇ ਨੂੰ ਗੁੰਮਰਾਹਕੁਨ ਕਰਾਰ ਦਿੱਤਾ ਤੇ ਕਿਹਾ ਕਿ ਪੰਜਾਬ ’ਚ ਅਜੇ ਰੇਲ ਗੱਡੀਆਂ ਸਹੀ ਢੰਗ ਨਾਲ ਚਲਾਉਣ ਦੇ ਹਾਲਾਤ ਨਹੀਂ ਹਨ। ਰੇਲਵੇ ਨੇ ਇੱਕ ਵਾਰ ਫਿਰ ਸੂਬਾ ਸਰਕਾਰ ਨੂੰ ਸੰਘਰਸ਼ਕਾਰੀ ਕਿਸਾਨਾਂ ਦੇ ਕਬਜ਼ੇ ਹੇਠਲੇ ਰੇਲ ਟਰੈਕ ਤੇ ਸਟੇਸ਼ਨ ਖਾਲੀ ਕਰਵਾਉਣ ਲਈ ਕਿਹਾ ਹੈ ਤਾਂ ਜੋ ਰੇਲ ਸੇਵਾ ਬਹਾਲ ਕੀਤੀ ਜਾ ਸਕੇ। ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ ਵੀਕੇ ਯਾਦਵ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਲੰਘੀ ਸ਼ਾਮ ਪੰਜਾਬ ਸਰਕਾਰ ਨੇ ਸਾਨੂੰ ਸੁਨੇਹਾ ਦਿੱਤਾ ਸੀ ਕਿ ਰੇਲ ਟਰੈਕ ਸਿਰਫ਼ ਮਾਲ ਗੱਡੀਆਂ ਲਈ ਖਾਲੀ ਹਨ।’ ਉਨ੍ਹਾਂ ਕਿਹਾ, ‘ਇਹ ਗੁੰਮਰਾਹਕੁਨ ਸੁਨੇਹਾ ਸੀ ਕਿਉਂਕਿ ਰੇਲ ਟਰੈਕ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫ਼ਰ ਗੱਡੀਆਂ ਲਈ ਵੀ ਹਨ। ਸਿਰਫ਼ ਮਾਲ ਗੱਡੀਆਂ ਚਲਾਉਣ ਦੀ ਕੋਈ ਤੁੱਕ ਨਹੀਂ ਬਣਦੀ।’ ਉਨ੍ਹਾਂ ਕਿਹਾ, ‘ਸਾਨੂੰ ਆਪਣੇ ਸਟੇਸ਼ਨ ਮਾਸਟਰਾਂ ਰਾਹੀਂ ਸੰਘਰਸ਼ਕਾਰੀ ਕਿਸਾਨਾਂ ਦਾ ਸੁਨੇਹਾ ਮਿਲਿਆ ਹੈ ਕਿ ਉਹ ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਇਜਾਜ਼ਤ ਦੇਣਗੇ ਪਰ ਜੇਕਰ ਮੁਸਾਫ਼ਰ ਗੱਡੀਆਂ ਚਲਾਈਆਂ ਗਈਆਂ ਤਾਂ ਉਹ ਮੁੜ ਰੇਲ ਟਰੈਕ ਬੰਦ ਕਰ ਦੇਣਗੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਰੇਲ ਟਰੈਕ ਤੇ ਰੇਲਵੇ ਸਟੇਸ਼ਨ ਖਾਲੀ ਕਰਵਾਉਣ ਅਤੇ ਰੇਲਵੇ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਕਿਹਾ ਹੈ ਤਾਂ ਜੋ ਰੇਲ ਸੇਵਾ ਮੁੜ ਸ਼ੁਰੂ ਕੀਤੀ ਜਾ ਸਕੇ।

Courtesy Punjabi Tribune