ਕਿਸਾਨਾਂ ਵੱਲੋਂ ਸਿੰਘੂ ਬਾਰਡਰ ’ਤੇ ਡਟੇ ਰਹਿਣ ਦਾ ਅਹਿਦ

ਸ਼ਾਹ ਅਤੇ ਤੋਮਰ ਵੱਲੋਂ ਬੁਰਾੜੀ ਤਬਦੀਲ ਹੋਣ ’ਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਭਰੋਸਾ

ਕਿਸਾਨਾਂ ਵੱਲੋਂ ਸਿੰਘੂ ਬਾਰਡਰ ’ਤੇ ਡਟੇ ਰਹਿਣ ਦਾ ਅਹਿਦ

ਨਵੀਂ ਦਿੱਲੀ, 28 ਨਵੰਬਰ

ਖੇਤੀ ਅਤੇ ਬਿਜਲੀ ਸੋਧ ਕਾਨੂੰਨ ਵਾਪਸ ਕਰਾਉਣ ਲਈ ਕੌਮੀ ਰਾਜਧਾਨੀ ’ਚ ਰਾਮ ਲੀਲ੍ਹਾ ਮੈਦਾਨ ਜਾਂ ਜੰਤਰ-ਮੰਤਰ ’ਤੇ ਧਰਨੇ ਦੀ ਇਜਾਜ਼ਤ ਨਾ ਮਿਲਣ ਮਗਰੋਂ ਕਿਸਾਨਾਂ ਨੇ ਹਰਿਆਣਾ-ਦਿੱਲੀ ਦੀ ਹੱਦ ਸਿੰਘੂ ਬਾਰਡਰ ’ਤੇ ਹੀ ਡਟੇ ਰਹਿਣ ਦਾ ਅਹਿਦ ਲਿਆ ਹੈ। ਸਿੰਘੂ ਬਾਰਡਰ ’ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਦੀ ਗੱਲ ਮੰਨਦਿਆਂ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਲਕੇ 11 ਵਜੇ ਤੱਕ ਇੱਥੇ ਹੀ ਟਿਕੇ ਰਹਿਣ ਦਾ ਫ਼ੈਸਲਾ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਉਡੀਕ ਕੀਤੀ ਜਾਵੇਗੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਅੱਜ ਕਿਸਾਨਾਂ ਨੂੰ ਕੌਮੀ ਰਾਜਧਾਨੀ ਦੇ ਬੁਰਾੜੀ ਮੈਦਾਨ ’ਚ ਤਬਦੀਲ ਹੋਣ ਅਤੇ ਉੱਥੇ ਜਾ ਕੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਕਿਸਾਨ ਧਰਨੇ ਲਈ ਨਿਰਧਾਰਤ ਜਗ੍ਹਾ ’ਤੇ ਜਾਣਗੇ ਓਨੀ ਜਲਦੀ ਕੇਂਦਰ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉੱਤਰੀ ਦਿੱਲੀ ਵਿੱਚ ਸਥਿਤ ਇਸ ਮੈਦਾਨ ’ਚ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਗੱਲ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਆਪਣਾ ਪ੍ਰਦਰਸ਼ਨ ਜਮਹੂਰੀ ਢੰਗ ਨਾਲ ਸ਼ਾਂਤਮਈ ਕਰ ਸਕਣ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕੀਤੀ ਗਈ ਅਪੀਲ ਬਾਰੇ ਕਿਸਾਨ ਭਲਕੇ ਸਵੇਰੇ 9 ਵਜੇ ਮੀਟਿੰਗ ਕਰ ਕੇ ਕੋਈ ਫ਼ੈਸਲਾ ਲੈ ਸਕਦੇ ਹਨ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲੀਸ ਵੱਲੋਂ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ’ਚ ਜਾਣ ਦੀ ਇਜਾਜ਼ਤ ਦੇਣ ਮਗਰੋਂ ਉਥੇ ਕੁਝ ਕੁ ਜਥੇਬੰਦੀਆਂ ਦੇ ਕਾਰਕੁਨ ਹੀ ਪੁੱਜੇ। ਇਸ ਦੌਰਾਨ ਬਹੁਤੇ ਕਿਸਾਨ ਟੀਕਰੀ ਬਾਰਡਰ (ਬਹਾਦਰਗੜ੍ਹ) ਅਤੇ ਸਿੰਘੂ ਬਾਰਡਰ (ਕੁੰਡਲੀ) ’ਤੇ ਹੀ ਟਿਕੇ ਹੋਏ ਹਨ। ਕੌਮੀ ਮਾਰਗ ਉਪਰ ਟਰਾਲੀ ’ਤੇ ਬਣਾਏ ਮੰਚ ਤੋਂ ਵੱਖ-ਵੱਖ ਬੁਲਾਰਿਆਂ ਨੇ ਦਿੱਲੀ ਦੀ ਘੇਰਾਬੰਦੀ ਸ਼ਾਂਤਮਈ ਤਰੀਕੇ ਨਾਲ ਜਾਰੀ ਰੱਖਣ ਅਤੇ ਨੌਜਵਾਨਾਂ ਨੂੰ ਠਰ੍ਹੰਮਾ ਬਣਾਈ ਰੱਖਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਮੜ੍ਹਿਆ। ਕੌਮੀ ਸ਼ਾਹਰਾਹ ਦੇ ਦੋਵੇਂ ਪਾਸੇ ਸਿੰਘੂ ਬਾਰਡਰ ਤੋਂ ਲੈ ਕੇ ਸੋਨੀਪਤ ਵੱਲ 5 ਕਿਲੋਮੀਟਰ ਤੱਕ ਟ੍ਰੈਕਟਰ-ਟਰਾਲੀਆਂ ਨਾਲ ਭਰੇ ਪਏ ਹਨ। ਅਜੇ ਸੈਂਕੜੇ ਹੋਰ ਟਰਾਲੀਆਂ ਪੰਜਾਬ ਤੋਂ ਪੁੱਜਣ ਦੀ ਉਮੀਦ ਹੈ। ਅੱਜ ਦਿਨ ਵੇਲੇ 31 ਕਿਸਾਨ ਯੂਨੀਅਨਾਂ ਦੀ ਕਰੀਬ 4 ਘੰਟੇ ਤੱਕ ਚੱਲੀ ਬੈਠਕ ਦੀ ਅਗਵਾਈ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕੀਤੀ ਜਿਸ ਵਿੱਚ ਕੇਂਦਰ ਸਰਕਾਰ ਦੇ ਹੁੰਗਾਰੇ ਦੀ ਉਡੀਕ ਵਿੱਚ ਮੋਰਚਾ ਸਿੰਘੂ ਬਾਰਡਰ ’ਤੇ ਭਲਕ ਤੱਕ ਜਾਰੀ ਰੱਖਣ, ਤਿੰਨਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਸਮੇਤ ਪ੍ਰਸਤਾਵਿਤ ਬਿਜਲੀ ਬਿੱਲ ਅਤੇ ਪਰਾਲੀ ਬਾਰੇ ਨਵੇਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਦੁਹਰਾਈ ਗਈ। ਭਾਜਪਾ ਦੀ ਅਗਵਾਈ ਹੇਠਲੀ ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਸ਼ਾਂਤਮਈ ਕਿਸਾਨ ਅੰਦੋਲਨ ਵਿੱਚ ਅੜਿੱਕੇ ਨਾ ਪਾਉਣ। ਕੱਲ੍ਹ ਤੋੋਂ ਮੰਚ ਵਿਵਸਥਾ ਸਚਾਰੂ ਰੂਪ ਵਿੱਚ ਚਲਾਈ ਜਾਵੇਗੀ ਅਤੇ ਮੁੱਖ ਮੰਚ ਤੋਂ ਕਿਸਾਨਾਂ ਨਾਲ ਸਬੰਧਤ ਮੰਗਾਂ ਬਾਰੇ ਹੀ ਬੁਲਾਰਿਆਂ ਨੂੰ ਗੱਲ ਕਰਨ ਦੀ ਆਗਿਆ ਹੋਵੇਗੀ। ਬੈਠਕ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਹਰਜੀਤ ਰਵੀ (ਕਿਸਾਨ ਸੰਘਰਸ਼ ਕਮੇਟੀ) ਕਿਰਤੀ ਕਿਸਾਨ ਯੂਨੀਅਨ ਦੇ ਨਿਰਭੈ ਸਿੰਘ ਢੁੱਡੀਕੇ, ਮਾਨਸਾ ਤੋਂ ਰਲਦੂ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਡਾ. ਦਰਸ਼ਨਪਾਲ, ਜਮਹੂਰੀ ਕਿਸਾਨ ਸਭਾ ਵੱਲੋਂ ਸਤਨਾਮ ਸਿੰਘ ਅਜਨਾਲਾ, ਸੁਰਜੀਤ ਫੂਲ, ਦੋਆਬਾ ਕਿਸਾਨ ਯੂਨੀਅਨ ਤੋਂ ਹਰਪਾਲ ਸਿੰਘ ਸੰਘਾ, ਗੰਨਾ ਸੰਘਰਸ਼ ਕਮੇਟੀ ਵੱਲੋਂ ਮਨਜੀਤ ਸਿੰਘ, ਬੋਘ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਬੀਰ ਸਿੰਘ ਰਾਜੇਵਾਲ, ਸੂਰਤ ਸਿੰਘ (ਕੁੱਲ ਹਿੰਦ ਕਿਸਾਨ ਸਭਾ) ਅਤੇ ਹੋਰ ਨੁਮਾਇੰਦੇ ਸ਼ਾਮਲ ਹੋਏ। ਬੈਠਕ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਵੀ ਐੱਮ ਸਿੰਘ ਦੇ ਕੁਝ ਬਿਆਨਾਂ ਬਾਰੇ ਨਿਖੇਧੀ ਮਤਾ ਪਾਸ ਕੀਤਾ ਗਿਆ। ਵੀ ਐੱਮ ਸਿੰਘ ਦੇ ਹੁਕਮਰਾਨਾਂ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਉਸ ਨੂੰ ਕਿਸਾਨ ਆਗੂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਕੁੱਲ ਹਿੰਦ ਕਿਸਾਨ ਸਭਾ ਕਮੇਟੀ ਦੇ ਮੈਂਬਰ ਜਗਮੋਹਨ ਸਿੰਘ ਨੇ ਕਿਹਾ ਕਿ ਵਰਕਿੰਗ ਗੁਰੱਪ ਦਾ ਵੀ ਐੱਮ ਸਿੰਘ ਦੇ ਬਿਆਨਾਂ ਨਾਲ ਕੋਈ ਸਬੰਧ ਨਹੀਂ ਹੈ। ਬੈੈਠਕ ਵਿੱਚ ਬੀਤੇ ਦਿਨ ਮਾਰੇ ਗਏ ਕਿਸਾਨ ਨੂੰ ਸ਼ਰਧਾਂਜਲੀ ਦਿੱਤੀ ਗਈ। ਯੂਨੀਅਨਾਂ ਨੇ ਹਰਿਆਣਾ ਸਰਕਾਰ ਵੱਲੋਂ ਜਲ ਤੋਪ ਬੰਦ ਕਰਨ ਵਾਲੇ ਨੌਜਵਾਨ ਨਵਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਨੂੰ ਬੁਰਾੜੀ ਮੈਦਾਨ ਜਾਣ ਦੀ ਅਪੀਲ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਉਹ ਜੰਤਰ-ਮੰਤਰ ਜਾਂ ਰਾਮ ਲੀਲ੍ਹਾ ਮੈਦਾਨ ’ਚ ਹੀ ਧਰਨਾ ਲਾਉਣਗੇ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦੀ ਲੜੀ ਨਾ ਤੋੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਇਕ ਲੱਖ ਤੋਂ ਵੱਧ ਕਿਸਾਨ ਦਿੱਲੀ ਲਈ ਆ ਰਹੇ ਹਨ ਪਰ ਰਾਹ ’ਚ ਜਾਮ ਹੋਣ ਕਰਕੇ ਉਨ੍ਹਾਂ ਨੂੰ ਰਾਜਧਾਨੀ ਪਹੁੰਚਣ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਛੇ ਮਹੀਨਿਆਂ ਦਾ ਰਾਸ਼ਨ-ਪਾਣੀ ਨਾਲ ਲੈ ਕੇ ਆ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਕਿਹਾ ਕਿ ਉਹ ਵੀ ਦੇਰ ਰਾਤ ਤੱਕ ਦਿੱਲੀ ਨਾਲ ਲਗਦੀ ਸਰਹੱਦ ’ਤੇ ਪਹੁੰਚ ਜਾਣਗੇ। ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਇੰਚਾਰਜ ਜਰਨੈਲ ਸਿੰਘ, ਕਾਂਗਰਸ ਦੇ ਸੰਸਦ ਮੈਂਬਰਾਂ ਗੁਰਜੀਤ ਸਿੰਘ ਔਜਲਾ, ਰਵਨੀਤ ਸਿੰਘ ਬਿੱਟੂ ਅਤੇ ਹੋਰ ਸਿਆਸੀ ਆਗੂ ਵੀ ਨਿੱਜੀ ਤੌਰ ’ਤੇ ਇੱਥੇ ਪੁੱਜੇ ਹੋਏ ਹਨ।

ਅਖਿਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਚੜੂਨੀ) ਤੇ ਹੋਰ ਜਥੇਬੰਦੀਆਂ ਨੇ ਬਿਆਨ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਜਬਰੀ ਰੋਕਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਇਤਿਹਾਸਕ ਸਮਾਂ ਹੈ ਜਦੋਂ ਅੰਨਦਾਤਾ ਸੰਕਲਪ ਨਾਲ ਦਿੱਲੀ ਦੀ ਘੇਰਾਬੰਦੀ ਕਰਕੇ ਬੈਠਾ ਹੈ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਬੇੜਾ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਬਿਨਾਂ ਕਿਸੇ ਹੱਲ ਦੇ ਗੱਲਬਾਤ ਕਰਨ ਦਾ ਗ਼ੈਰ-ਗੰਭੀਰ ਦਿਖਾਵਾ ਨਾ ਕਰੇ।

ਬਾਜਵਾ ਵੱਲੋਂ ਮੋਦੀ ਨੂੰ ਕਿਸਾਨਾਂ ਨਾਲ ਫੌਰੀ ਗੱਲ ਕਰਨ ਦੀ ਅਪੀਲ

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਸੁਣਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ 3 ਦਸੰਬਰ ਤੱਕ ਦੀ ਉਡੀਕ ਨਹੀਂ ਕਰਨੀ ਚਾਹੀਦੀ ਹੈ। ਇਕ ਹੋਰ ਟਵੀਟ ’ਚ ਬਾਜਵਾ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਠੰਢ, ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਹੀਂ ਕਰ ਰਹੇ ਹਨ ਤਾਂ ਜੋ ਸਰਕਾਰ ਉਨ੍ਹਾਂ ਦੀ ਗੱਲ ਸੁਣ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿੱਧਾ ਦਖ਼ਲ ਕੇ ਵੱਧ ਰਹੇ ਤਣਾਅ ਨੂੰ ਘਟਾਉਣ ’ਚ ਸਹਾਈ ਸਿੱਧ ਹੋ ਸਕਦੇ ਹਨ। –

Courtesy Punjabi TRibune