ਨਾਕੇ ਤੋੜ ਕੇ ਦਿੱਲੀ ਜਾਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ


ਅੰਬਾਲਾ/ਡੱਬਵਾਲੀ, 28 ਨਵੰਬਰ

ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਸੰਗਠਨਾਂ ਵੱਲੋਂ ‘ਦਿੱਲੀ ਕੂਚ’ ਮੁਹਿੰਮ ਦੌਰਾਨ ਪੁਲੀਸ ਨਾਕੇ ਤੋੜ ਕੇ ਹਰਿਆਣਾ ਵਿਚ ਦਾਖਲ ਹੋਣ ਦੇ ਦੋਸ਼ ਹੇਠ ਥਾਣਾ ਸਦਰ ਅੰਬਾਲਾ ਤੇ ਥਾਣਾ ਬਲਦੇਵ ਨਗਰ ਅੰਬਾਲਾ ਅਤੇ ਡੱਬਵਾਲੀ ’ਚ ਪੁਲੀਸ ਨੇ ਕੇਸ ਦਰਜ ਕੀਤੇ ਹਨ। ਪੁਲੀਸ ਨੇ ਕਿਸਾਨਾਂ ’ਤੇ ਨਾਕੇ ਤੋੜਨ, ਪੁਲੀਸ ਅਤੇ ਪੁਲੀਸ ਦੀਆਂ ਗੱਡੀਆਂ ਤੇ ਪਥਰਾਅ ਕਰਨ, ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਲਾਉਂਦਿਆਂ ਡਰੋਨ ਕੈਮਰਿਆਂ ਦੀ ਫੁਟੇਜ ਅਤੇ ਰਿਕਾਰਡਿੰਗ ਦੇ ਆਧਾਰ ’ਤੇ ਕੇਸ ਦਰਜ ਕੀਤੇ ਹਨ

ਅੰਬਾਲਾ ਸਦਰ ਥਾਣੇ ’ਚ ਸਬ ਇੰਸਪੈਕਟਰ ਸੁਰੇਸ਼ ਨੇ ਸ਼ਿਕਾਇਤ ਦਿੱਤੀ ਕਿ ਉਹ ਪੁਲੀਸ ਫੋਰਸ ਨਾਲ ਸ਼ੰਭੂ ਬਾਰਡਰ ਪਿੰਡ ਦੇਵੀ ਨਗਰ ਦੇ ਨਾਕੇ ’ਤੇ ਤਾਇਨਾਤ ਸੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕਿਸਾਨਾਂ ਸਮੇਤ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਤਾਇਨਾਤ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਦਿਆਂ ਬੈਰੀਕੇਡ ਘੱਗਰ ਨਦੀ ਵਿੱਚ ਸੁੱਟ ਦਿੱਤੇ। ਸਬ-ਇੰਸਪੈਕਟਰ ਨੇ ਦੋਸ਼ ਲਾਇਆ ਹੈ ਕਿ ਨਾਮਾਲੂਮ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲੀਸ ’ਤੇ ਜਾਨਲੇਵਾ ਹਮਲਾ ਕੀਤਾ, ਸਰਕਾਰੀ ਡਿਊਟੀ ਵਿਚ ਵਿਘਨ ਪਾਇਆ, ਮੁਲਾਜ਼ਮਾਂ ’ਤੇ ਟਰੈਕਟਰ ਟਰਾਲੀਆਂ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ। ਇਸ ਮਾਮਲੇ ਵਿਚ ਪੁਲੀਸ ਨੇ ਧਾਰਾ 147/149/186/188/269/270/307/332/353 ਆਈਪੀਸੀ, 3 ਪੀਡੀਪੀਪੀ ਐਕਟ ਅਤੇ 8-ਬੀ ਐੱਨਐੱਚ ਐਕਟ ਤਹਿਤ ਕੇਸ  ਦਰਜ ਕੀਤਾ ਹੈ।

ਉੱਧਰ ਥਾਣਾ ਬਲਦੇਵ ਨਗਰ ਵਿੱਚ ਐੱਸਐੱਚਓ ਹਮੀਰ ਸਿੰਘ ਨੇ ਦੱਸਿਆ ਕਿ ਉਹ ਸੱਦੋਪੁਰ ਨਾਕੇ ’ਤੇ ਨਰਾਇਣਗੜ੍ਹ ਦੇ ਡੀਐੱਸਪੀ ਅਨਿਲ ਕੁਮਾਰ, ਡੀਐੱਸਪੀ ਅੰਬਾਲਾ ਸੁਨੀਲ ਕੁਮਾਰ, ਡੀਐੱਸਪੀ ਬਰਾੜਾ ਰਜਨੀਸ਼ ਕੁਮਾਰ, ਇੰਸਪੈਕਟਰ ਸ਼ਲੈਂਦਰ ਇੰਚਾਰਜ ਚਾਰਲੀ ਕੰਪਨੀ, ਇੰਸਪੈਕਟਰ ਬੀਰਭਾਨ ਡੈਲਟਾ ਕੰਪਨੀ ਅਤੇ ਸਬ ਇੰਸਪੈਕਟਰ ਸੁਖਦੇਵ ਇੰਚਾਰਜ ਕੰਪਨੀ ਜ਼ਿਲ੍ਹਾ ਯਮੁਨਾਨਗਰ ਨਾਲ ਤਾਇਨਾਤ ਸੀ।  ਉਸ ਨੇ ਦੱਸਿਆ ਕਿ ਪੰਜਾਬ ਤੋਂ ਜ਼ਬਰਦਸਤੀ ਦਾਖਲ ਹੋਣ ਵਾਲੇ 2500-3000 ਕਿਸਾਨਾਂ ਦੀ ਭੀੜ ਨੇ ਬੈਰੀਕੇਡਾਂ, ਸੰਗਲਾਂ ਤੇ ਕੰਡਿਆਲੀ ਤਾਰ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਸਬੰਧੀ ਦਰਜ ਮੁਕੱਦਮੇ ’ਚ ਧਾਰਾ 307 ਨਹੀਂ ਜੋੜੀ ਗਈ ਜਦਕਿ ਦੋ ਧਾਰਾਵਾਂ 427 ਤੇ 279 ਹੋਰ ਜੋੜੀਆਂ ਗਈਆਂ ਹਨ।

ਇਸੇ ਤਰ੍ਹਾਂ ਡੱਬਵਾਲੀ ਪੁਲੀਸ ਨੇ ਥਾਣਾ ਮੁਖੀ ਈਸ਼ਵਰ ਸਿੰਘ ਦੀ ਸ਼ਿਕਾਇਤ ’ਤੇ ਬੀਤੇ ਦਿਨ ਇੱਥੇ ਪੰਜਾਬ-ਹਰਿਆਣਾ ਹੱਦ ’ਤੇ ਪੁਲੀਸ ਨਾਕਾ ਤੋੜ ਕੇ ਜਬਰੀ ਦਿੱਲੀ ਵੱਲ ਵਧਣ ਵਾਲੇ 10-12 ਹਜ਼ਾਰ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਮੁਕੱਦਮੇ ’ਚ ਮਹਾਮਾਰੀ ਐਕਟ, ਸਰਕਾਰੀ ਕੰਮ ਵਿਚ ਵਿਘਨ ਪਾਉਣ, 147/149/186/188/332/353/427 ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ ਦੀ ਧਾਰਾ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਖੇਤੀ ਕਾਨੂੰਨਾਂ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨ ਹਰਿਆਣਾ ਪੁਲੀਸ ਦੇ ਨਾਕੇ ਤੋੜ ਕੇ ਜਬਰਨ ਹਰਿਆਣਾ ਦੀ ਹੱਦ ਵਿਚ ਦਾਖਲ ਕੇ ਦਿੱਲੀ ਵੱਲ ਵਧ ਗਏ ਸਨ। ਉਸ ਦੌਰਾਨ ਪੁਲੀਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ ਸੀ। ਮੁਕੱਦਮੇ ਅਨੁਸਾਰ ਪੁਲੀਸ ਨੇ ਮੌਕੇ ’ਤੇ ਫੋਟੋਗਰਾਫ਼ੀ ਅਤੇ ਵੀਡੀਓਗਰਾਫ਼ੀ ਕਰਵਾਈ ਹੈ ਜਿਸ ਤਹਿਤ ਮੁਲਜ਼ਮਾਂ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।

ਕਿਸਾਨਾਂ ’ਤੇ ਦਰਜ ਕੇਸ ਵਾਪਸ ਲਵੇ ਹਰਿਆਣਾ ਸਰਕਾਰ: ਜਾਖੜ

ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕਰਦਿਆਂ ਅਜਿਹੀਆਂ ਚਾਲਾਂ ਚੱਲਣ ਵਾਲਿਆਂ ਤੋਂ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਕੇਸ ਵਾਪਸ ਲੈਣ ਲਈ ਆਖਿਆ ਹੈ। ਸ੍ਰੀ ਜਾਖੜ ਨੇ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਕਿਸਾਨ ਸੰਘਰਸ਼ ਲਈ ਪੈਸੇ ਭੇਜੇ ਜਾਣ ਦੀਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਕਿਸੇ ਅਜਿਹੀ ਮਦਦ ਲਈ ਸੰਘਰਸ਼ ਨਹੀਂ ਕਰ ਰਹੇ, ਸਗੋਂ ਕਿਸਾਨੀ ਸੰਘਰਸ਼ ਆਪਣੇ ਹੱਕਾਂ ਦੀ ਰਾਖੀ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਸੁਚੇਤ ਕੀਤਾ ਕਿ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਅਜਿਹੀਆਂ ਤਾਕਤਾਂ ਤੋਂ ਸਾਵਧਾਨ ਰਹਿਣ।

 

ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਗੁਨਾਹ ਨਹੀਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਅਨਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਗੁਨਾਹ ਨਹੀਂ ਬਲਕਿ ਫ਼ਰਜ਼ ਹੈ ਅਤੇ ਮੋਦੀ ਸਰਕਾਰ ਵਲੋਂ ਦਰਜ ਕੀਤੀਆਂ ਐੱਫਆਈਆਰਜ਼ ਨਾਲ ਕਿਸਾਨਾਂ ਦੇ ਹੌਂਸਲੇ ਪਸਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਰਾਹੁਲ ਵਲੋਂ ਆਪਣੇ ਟਵੀਟ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਖ਼ਿਲਾਫ਼ ਦਰਜ ਪੁਲੀਸ ਕੇਸ ਸਬੰਧੀ ਖ਼ਬਰ ਵੀ ਜੋੜੀ ਗਈ ਹੈ। -ਆਈਏਐੱਨਐੱਸ

‘ਸਰਕਾਰ ਦਾਅ ਪੇਚ ਖੇਡ ਰਹੀ ਹੈ’

ਡੱਬਵਾਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਆਪਣੇ ਹੱਕਾਂ ਲਈ ਦਿੱਲੀ ਜਾ ਰਹੇ ਕਿਸਾਨਾਂ ’ਤੇ ਪੁਲੀਸ ਕੇਸ ਦਰਜ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। ਸਰਕਾਰ ਦਬਕੇ ਦੇ ਦਾਅ-ਪੇਚ ਖੇਡ ਰਹੀ ਹੈ ਜਿਸ ਤੋਂ ਲੋਕ ਸੰਘਰਸ਼ ਨਹੀਂ ਡਰਦੇ। ਇਹ ਕਿਸਾਨਾਂ ਦੀ ਜ਼ਿੰਦਗੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਬਿੱਲਾਂ ’ਚ ਵਾਪਸੀ ਬਾਅਦ ਹੀ ਘਰਾਂ ਨੂੰ ਪਰਤਣਗੇ।

Courtesy Punjabi TRibune