Farmers Protest: ਖੇਤੀ ਕਾਨੂੰਨਾਂ ਉੱਤੇ ਵਿਚਾਰ ਦੀ ਕੇਂਦਰ ਦੀ ਪੇਸ਼ਕਸ਼ ਕਿਸਾਨਾਂ ਵਲੋਂ ਰੱਦ, ਬੈਠਕ ਬੇਸਿੱਟਾ ਰਹੀ

ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਹਰਿਆਣਾ ਅਤੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਕੇਂਦਰ ਸਰਕਾਰ ਨਾਲ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕੀਤੀ। ਇਹ ਗੱਲਬਾਤ ਦਾ ਤੀਜਾ ਗੇੜ ਸੀ ਜੋ ਬੇਸਿੱਟਾ ਰਿਹਾ , ਪਰ ਗੱਲਬਾਤ ਟੁੱਟੀ ਨਹੀਂ ਹੈ।

ਬੈਠਕ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕੇਂਦਰ ਨਾਲ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਸੋਂ (3 ਦਸੰਬਰ) ਨੂੰ ਫੇਰ ਮੀਟਿੰਗ ਹੋਵੇਗੀ।

ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਬੈਠਕ ਵਿਚ ਬੇਵਸ ਨਜ਼ਰ ਆਏ ਅਤੇ ਕਿਸਾਨਾਂ ਨੇ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਚਰਚਾ ਹੀ ਕਰਨੀਂ ਚਾਹੁੰਦੀ ਹੈ, ਹੱਲ ਨਹੀਂ ਕੱਢਣਾ ਚਾਹੁੰਦੀ । ਉਨ੍ਹਾਂ ਕਿਹਾ ਕਿ ਸਾਂਤਮਈ ਅੰਦੋਲਨ ਲਟਕਾ ਕੇ ਖਤਮ ਕਰਨਾ ਚਾਹੁੰਦੀ ਹੈ,ਪਰ ਇਹ ਅੰਦੋਲਨ ਘਟੇਗਾ ਨਹੀਂ ਵਧੇਗਾ।

ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ

ਇਸੇ ਦੌਰਾਨ ਬੈਠਕ ਤੋਂ ਬਾਅਦ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ , ”ਭਾਰਤ ਸਰਕਾਰ ਨਾਲ ਕਿਸਾਨਾਂ ਦੀ ਬੈਠਕ ਠੀਕ ਰਹੀ ਹੈ ਅਤੇ ਪਰਸੋਂ ਦੁਬਾਰਾ ਚਰਚਾ ਕੀਤੀ ਜਾਵੇਗੀ।”

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਗੱਲਬਾਤ ਲਈ ਛੋਟਾ ਗਰੁੱਪ ਬਣੇ ਪਰ ਉਨ੍ਹਾਂ ਨੂੰ ਵੱਧ ਆਗੂਆਂ ਨਾਲ ਬੈਠਕ ਕਰਨ ਵਿਚ ਕੋਈ ਦਿੱਕਤ ਨਹੀਂ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਮਾਂ ਹੁਣ ਕਮੇਟੀ ਬਣਾਉਣ ਤੋਂ ਅੱਗੇ ਲੰਘ ਚੁੱਕਾ ਹੈ ਅਤੇ ਕਿਸਾਨ ਤੁਰੰਤ ਕਾਨੂੰਨ ਰੱਦ ਕਰੇ।

ਕ੍ਰਿਸ਼ੀ ਭਵਨ ’ਚ ਚੱਲ ਰਹੀ ਇੱਕ ਹੋਰ ਮੀਟਿੰਗ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪੀਯੂਸ਼ ਗੋਇਲ ਨੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਕਿਸਾਨਾਂ ਨਾਲ ਬੈਠਕ ਕਰ ਰਹੇ ਹਨ।

Delhi: Union Ministers Narendra Singh Tomar and Piyush Goyal hold meeting with farmers’ leaders from Haryana, Uttar Pradesh, and Uttarakhand, at Krishi Bhawan. Bharatiya Kisan Union representatives present.

‘ਠੰਡ ’ਚ ਵੀ ਸਾਡਾ ਸੰਘਰਸ਼ ਜਾਰੀ ਰਹੇਗਾ’

ਮੀਟਿੰਗ ਤੋਂ ਬਾਅਦ ਕਿਸਾਨ ਲੀਡਰ ਝੰਡਾ ਸਿੰਘ ਨੇ ਕਿਹਾ ਕਿ ਸਰਕਾਰ ਸਮੱਸਿਆ ਨੂੰ ਨਿਬੇੜਨਾ ਨਹੀਂ ਚਾਹੁੰਦੀ। ਸਰਕਾਰ ਨੇ ਕੋਈ ਹੱਲ ਨਹੀਂ ਕੱਢਿਆ।

ਉਨ੍ਹਾਂ ਸਾਫ਼ ਕਿਹਾ ਹੈ ਕਿ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਗੇ।

ਉਨ੍ਹਾਂ ਕਿਹਾ ਕਿ ਅਸੀਂ ਕੋਈ ਕਮੇਟੀ ਨਹੀਂ ਬਣਾਵਾਂਗੇ। ਕੇਂਦਰ ਨੇ ਖੇਤੀ ਕਾਨੂੰਨਾਂ ਲਈ ਕਮੇਟੀ ਬਨਾਉਣ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਠੰਡ ‘ਚ ਹੋਰ ਸੰਘਰਸ਼ ਨਹੀਂ ਕਰ ਪਾਵਾਂਗੇ। ਸਾਡਾ ਸੰਘਰਸ਼ ਜਾਰੀ ਰਹੇਗਾ।

ਦੂਜੇ ਪਾਸੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਸਟੈਂਡ ਤੋਂ ਥੋੜਾ ਪਿੱਛੇ ਹਟੀ ਹੈ।

ਉਨ੍ਹਾਂ ਕਿਹਾ, “3 ਦਸੰਬਰ ਨੂੰ ਹੋਣ ਵਾਲੀ ਅਗਲੀ ਬੈਠਕ ਵਿੱਚ ਅਸੀਂ ਸਰਕਾਰ ਨੂੰ ਯਕੀਨ ਦਵਾ ਦੇਵਾਂਗੇ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੁਝ ਵੀ ਕਿਸਾਨਾਂ ਦੇ ਪੱਖ ‘ਚ ਨਹੀਂ ਹੈ। ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਜਾਵਾਂਗੇ।”

ਅਮਿਤ ਸ਼ਾਹ ਬੈਠਕ ‘ਚ ਨਹੀਂ ਆਏ

36 ਕਿਸਾਨ ਆਗੂ ਕੇਂਦਰ ਨਾਲ ਗੱਲਬਾਤ ਕਰਨ ਪਹੁੰਚੇ ਜਦਕਿ ਸਰਕਾਰ ਵਲੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ, ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਬੈਠਕ ਵਿਚ ਹਾਜ਼ਰ ਸਨ।

ਭਾਵੇਂ ਕਿ ਫੋਨ ਉੱਤੇ ਸੱਦਾ ਗ੍ਰਹਿ ਮੰਤਰੀ ਨੇ ਦਿੱਤਾ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਰਾਜਨਾਥ ਸਿੰਘ ਬੈਠਕ ਦੀ ਅਗਵਾਈ ਕਰਨਗੇ। ਪਰ ਇਹ ਦੋਵੇਂ ਬੈਠਕ ਵਿਚ ਨਹੀਂ ਪਹੁੰਚੇ।

ਵਿਗਿਆਨ ਭਵਨ ’ਚ ਅੰਦਰ ਜਾਣ ਸਮੇਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਸੀ ਕਿ ਗੱਲਬਾਤ ਪੂਰੀ ਮੰਨੀ ਗਈ ਤਾਂ ਹੀ ਗੱਲ ਬਣੇਗਾ। ਨਹੀਂ ਤਾਂ ਬੈਠਕ ਛੱਡ ਕੇ ਆ ਜਾਵਾਂਗੇ।

ਕਿਸਾਨਾਂ ਦੀਆਂ ਕੀ ਹਨ ਮੰਗਾਂ

ਗੱਲਬਾਤ ਲਈ ਜਾਣ ਤੋਂ ਪਹਿਲਾਂ ਕਿਸਾਨ ਆਗੂ ਜਗਮੋਹਨ ਸਿੰਘ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਤਿੰਨ ਨੁਕਾਤੀ ਡਿਮਾਂਡ ਚਾਰਟਰ ਹੈ।

ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਡੇ ਮਨ ਦੀ ਗੱਲ ਨਾ ਸੁਣੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ।

  • ਤਿੰਨੋਂ ਕਾਨੂੰਨ ਰੱਦ ਕੀਤੇ ਜਾਣ।
  • ਪ੍ਰਸਤਾਵਿਤ ਬਿਜਲੀ ਸੋਧ ਐਕਟ ਨੂੰ ਵਾਪਸ ਲਿਆ ਜਾਵੇ।
  • ਪਰਾਲੀ ਸਾੜਨ ‘ਤੇ 1 ਕਰੋੜ ਦੇ ਜੁਰਮਾਨੇ ਅਤੇ 5 ਸਾਲ ਦੀ ਸਜ਼ਾ ਦੇ ਪ੍ਰਾਵਧਾਨ ਨੂੰ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ-

ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਉਹ ਕਾਨੂੰਨਾਂ ਵਿਚ ਸੋਧ ਨਹੀਂ ਰੱਦ ਕਰਨ ਦੀ ਮੰਗ ਕਰ ਰਹੇ ਹਨ। ਹਰਮੀਤ ਸਿੰਘ ਕਾਦੀਆਂ ਨੇ ਕਿਹਾ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ, ਕੰਟਰੈਕਟ ਫਾਰਮਿੰਗ ਅਤੇ ਸਰਕਾਰੀ ਮੰਡ਼ੀਕਰਨ ਦੀਆਂ ਮਦਾ ਉੱਤੇ ਮੁੱਖ ਇਤਰਾਜ਼ ਹੈ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਤਿੰਨ ਕਿਸਾਨ ਬਿੱਲ ਰੱਦ ਕੀਤੇ ਜਾਣ ਤੋਂ ਬਿਨਾਂ ਵਿਚਲਾ ਰਸਤਾ ਕੋਈ ਨਹੀਂ। ਸੋਧ ਦੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ ਕਿ ਗੁੰਮਰਾਹ ਕਿਸਾਨ ਨਹੀਂ ਬਲਕਿ ਮੋਦੀ ਕਾਰਪੋਰਟ ਸੈਕਟਰ ਹੱਥੋਂ ਹੋਏ ਹਾਂ।

courtesy BBC Punjabi