ਸੋਨੀਪਤ, 16 ਦਸੰਬਰ
ਸਿੰਘੂ ਸਰਹੱਦ ’ਤੇ ਬੁੱਧਵਾਰ ਦੇਰ ਸ਼ਾਮ ਇਕ 65 ਸਾਲਾ ‘ਸੰਤ’ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਤਕ ਦੀ ਪਛਾਣ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਪੈਂਦੇ ਸਿੰਘੜਾ ਪਿੰਡ ਦੇ ਬਾਬਾ ਰਾਮ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨੂੰ ਇਥੋਂ ਦੇ ਇਕ ਨਿਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ। ਉਹ ਸਿੰਘੜਾ ਪਿੰਡ ਦੇ ਗੁਰਦੁਆਰਾ ਨਾਨਕਸਰ ਵਿੱਚ ਬੈਠਦੇ ਸਨ। ਵੱਡੀ ਗਿਣਤੀ ਲੋਕ ਉਨ੍ਹਾਂ ਦੇ ਸ਼ਰਧਾਲੂ ਹਨ। ਬਾਬਾ ਰਾਮ ਸਿੰਘ ਦੀ ਮਿ੍ਤਕ ਦੇਹ ਨੂੰ ਕੇਸੀਜੀਐਮਸੀ ਲਿਆਂਦਾ ਗਿਆ ਜਿਥੇ ਸ਼ਰਧਾਲੂਆਂ ਨੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਨਾਨਕਸਰ ਗੁਰਦੁਆਰੇ ਲਿਜਾਇਆ ਗਿਆ ਜਿਥੇ ਵੱਡੀ ਗਿਣਤੀ ਸ਼ਰਧਾਲੂ ਇਕੱਠੇ ਹੋ ਗਏ, ਜਿਸ ਕਾਰਨ ਤਣਾਅ ਪੈਦਾ ਹੋ ਗਿਆ। ਸ਼ਰਧਾਲੂ ਕਹਿ ਰਹੇ ਸਨ, ‘‘ ਮਹਾਰਾਜ ਜੀ ਨੇ ਕਿਸਾਨਾਂ ਵਾਸਤੇ ਸ਼ਹਾਦਤ ਦਿੱਤੀ ਹੈ, ਮੋਦੀ ਜੀ, ਹੁਣ ਤਾਂ ਕਿਸਾਨਾਂ ਦੀ ਸੁਣ ਲਓ’। ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਪੁਲੀਸ ਵੀ ਮੌਜੂਦ ਸੀ। ਬਾਬਾ ਜੀ ਦੀ ਲਾਸ਼ ਕੋਲੋਂ ਪੰਜਾਬੀ ਵਿੱਚ ਲਿਖਿਆ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।
Courtesy Punjabi TRibune