ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 23 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਲਈ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਤੋਂ ਕਿਸਾਨ ਟਰੈਕਟਰਾਂ ਨਾਲ ਸਿੰਘੂ ਸਰਹੱਦ ‘ਤੇ ਪਹੁੰਚ ਰਹੇ ਹਨ। ਕਿਸਾਨ ਟਰਾਲੀਆਂ ‘ਤੇ 2-2 ਟਰੈਕਟਰ ਲੋਡ ਕਰਕੇ ਪਰੇਡ ਵਿੱਚ ਸ਼ਾਮਲ ਹੋਣ ਲਈ ਪੁੱਜ ਰਹੇ ਹਨ। ਜਲੰਧਰ ਦੇ ਪਿੰਡ ਤੋਂ ਟਰਾਲੀ ਵਿੱਚ ਟਰੈਕਟਰ ਲੱਦ ਕੇ ਇਥੇ ਪਹੁੰਚੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਥੇ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਆਏ ਹਨ। ਉਨ੍ਹਾਂ ਕਿਹਾ ਕਿ ਟਰੈਕਟਰ ਟਰਾਲੀਆਂ ਵਿਚ ਇਸ ਕਰਕੇ ਲੱਦੇ ਗਏ ਹਨ ਤਾਂ ਜੋ ਡੀਜ਼ਲ ਦੀ ਬੱਚਤ ਕੀਤੀ ਜਾ ਸਕੇ।