ਬਲਿੰਕਨ ਨੇ ਪਰਲ ਦੇ ਕਾਤਲਾਂ ਦੀ ਜਵਾਬਦੇਹੀ ਤੈਅ ਕਰਨ ਲਈ ਕੁਰੈਸ਼ੀ ਨੂੰ ਫੋਨ ਖੜਕਾਇਆ


ਵਾਸ਼ਿੰਗਟਨ/ਇਸਲਾਮਾਬਾਦ, 30 ਜਨਵਰੀ

ਅਮਰੀਕੀ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਫੋਨ ‘ਤੇ ਗੱਲਬਾਤ ਕਰਕੇ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਦੀ ਜਵਾਬਦੇਹੀ ਤੈਅ ਕਰਨ ਲਈ ਕਿਹਾ। ਉਧਰ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹਾਲੀਆ ਹੁਕਮ ਖ਼ਿਲਾਫ਼ ਸਿੰਧ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਰਿਹਾਈ ਖ਼ਿਲਾਫ਼ ਪਟੀਸ਼ਨ ਉਤੇ ਸੁਣਵਾਈ ਪਹਿਲੀ ਫਰਵਰੀ ਨੂੰ ਹੋਵੇਗੀ। ਵਿਦੇਸ਼ ਵਿਭਾਗ ਦੇ ਤਰਜਮਾਨ ਨੇਡ ਪ੍ਰਾਈਸ ਨੇ ਕਿਹਾ ਕਿ ਬਲਿੰਕਨ ਨੇ ਪਾਕਿਸਤਾਨ ਦੇ ਸੁਪਰੀਮ ਕੋਰਟ ਵੱਲੋਂ ਪਰਲ ਦੇ ਕਾਤਲਾਂ ਨੂੰ ਬਰੀ ਕਰਨ ‘ਤੇ ਫਿਕਰਮੰਦੀ ਜਤਾਈ। ਬਲਿੰਕਨ ਅਤੇ ਕੁਰੈਸ਼ੀ ਨੇ ਦਹਿਸ਼ਤਗਰਦ ਅਹਿਮਦ ਉਮਰ ਸਈਦ ਸ਼ੇਖ਼ ਅਤੇ ਹੋਰਾਂ ਦੀ ਜਵਾਬਦੇਹੀ ਤੈਅ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰਾਈਸ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਫ਼ਗਾਨ ਸ਼ਾਂਤੀ ਪ੍ਰਕਿਰਿਆ ‘ਚ ਦਿੱਤੇ ਜਾ ਰਹੇ ਸਹਿਯੋਗ, ਖੇਤੀ ਸਥਿਰਤਾ ਨੂੰ ਹਮਾਇਤ ਅਤੇ ਵਪਾਰ ਤੇ ਵਣਜ ਸਬੰਧਾਂ ਨੂੰ ਵਿਸਥਾਰ ਦੇਣ ਬਾਰੇ ਵੀ ਚਰਚਾ ਕੀਤੀ। ਇਕ ਦਿਨ ਪਹਿਲਾਂ ਬਲਿੰਕਨ ਨੇ ਪਾਕਿਸਤਾਨ ਦੇ ਸੁਪਰੀਮ ਕੋਰਟ ਵੱਲੋਂ ਡੈਨੀਅਲ ਪਰਲ ਦੇ ਦੋਸ਼ੀ ਨੂੰ ਬਰੀ ਕਰਨ ਦੇ ਫ਼ੈਸਲੇ ‘ਤੇ ਚਿੰਤਾ ਜ਼ਾਹਰ ਕੀਤੀ ਸੀ। -ਪੀਟੀਆਈSource link