ਪੰਜਾਬ ਵਿੱਚ ਧਰਨੇ ਨਵੇਂ ਬਦਲਾਅ ਦਾ ਪ੍ਰਤੀਕ: ਰਾਜਾ ਵੜਿੰਗ

ਪੰਜਾਬ ਵਿੱਚ ਧਰਨੇ ਨਵੇਂ ਬਦਲਾਅ ਦਾ ਪ੍ਰਤੀਕ: ਰਾਜਾ ਵੜਿੰਗ


ਪੱਤਰ ਪ੍ਰੇਰਕ

ਸਮਰਾਲਾ, 10 ਅਗਸਤ

ਦੇਸ਼ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਕਾਂਗਰਸ ਵੱਲੋਂ ਆਰੰਭੀ ਗਈ ‘ਗੌਰਵ ਯਾਤਰਾ’ ਅੱਜ ਹਲਕਾ ਸਮਰਾਲਾ ‘ਚ ਪੁੱਜੀ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਪੰਜਾਬ ਪੰਜ ਮਹੀਨਿਆਂ ਵਿੱਚ ਹੀ ‘ਆਪ’ ਸਰਕਾਰ ਤੋਂ ਅੱਕ ਗਿਆ ਹੈ ਤੇ ਜਿਸ ਤਰ੍ਹਾਂ ਸੂਬੇ ਦਾ ਹਰ ਵਰਗ ਸਰਕਾਰ ਖ਼ਿਲਾਫ਼ ਧਰਨੇ ਦੇ ਰਿਹਾ ਹੈ, ਉਹ ਇਕ ਨਵੇਂ ਬਦਲਾਅ ਦਾ ਪ੍ਰਤੀਕ ਹੈ। ਸ਼੍ਰੋਮਣੀ ਅਕਾਲੀ ਦਲ ਬਾਰੇ ਉਨ੍ਹਾਂ ਆਖਿਆ ਕਿ ਛੇਤੀ ਹੀ ਅਕਾਲੀ ਦਲ ਹੋਰ ਸੁੰਘੜ ਜਾਏਗਾ ਅਤੇ ਕਈਆਂ ਨੂੰ ਅਕਾਲੀ ਦਲ ‘ਚੋਂ ਬਰਖਾਸਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਤੇ ਕਾਬਜ਼ ਬਾਦਲ ਪਰਿਵਾਰ ਇਸ ਤੋਂ ਆਪਣਾ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੀ ਜਾ ਇਹ ‘ਗੌਰਵ ਯਾਤਰਾ’ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਾਵੇਗੀ ਅਤੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ‘ਚ ਸ਼ਾਮਲ ਹੋਕੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕਰਨ। ਇਸ ਤੋਂ ਪਹਿਲਾਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਕੈਬਟਿਨ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ ਅਤੇ ਹੋਰ ਸੀਨੀਅਰ ਆਗੂ ਮਾਛੀਵਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ ਸਨ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ‘ਚ ਸੈਂਕੜੇ ਕਾਂਗਰਸੀ ਵਰਕਰਾਂ ਨੇ ਗੌਰਵ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਕੋਟਲੀ, ਸਾਬਕਾ ਵਿਧਾਇਕ ਲੱਖਾ ਪਾਇਲ ਅਤੇ ਹਲਕਾ ਇੰਚਾਰਜ ਰਾਜਾ ਗਿੱਲ ਨੇ ਆਖਿਆ ਕਿ ਕਾਂਗਰਸ ਦੀ ‘ਗੌਰਵ ਯਾਤਰਾ’ ਦਾ ਮਕਸਦ ਦੇਸ਼ ਅਤੇ ਦੇਸ਼ਵਾਸੀਆਂ ਨੂੰ ਆਪਸ ਵਿੱਚ ਜੋੜਨਾ ਹੈ, ਜਦਕਿ ਭਾਜਪਾ ਦੇਸ਼ ਨੂੰ ਤੋੜਨ ਵਿੱਚ ਲੱਗੀ ਹੋਈ ਹੈ।Source link