ਮੋਗਾ: ਮਜ਼ਾਕ ’ਚ ਜੋੜੇ ਨੇ ਜ਼ਹਿਰ ਖਾਧੀ, ਪਤਨੀ ਦੀ ਮੌਤ

ਮੋਗਾ: ਮਜ਼ਾਕ ’ਚ ਜੋੜੇ ਨੇ ਜ਼ਹਿਰ ਖਾਧੀ, ਪਤਨੀ ਦੀ ਮੌਤ


ਮਹਿੰਦਰ ਸਿੰਘ ਰੱਤੀਆਂ

ਮੋਗਾ, 7 ਜੁਲਾਈ

ਮਜ਼ਾਕ ਇਨਸਾਨ ਲਈ ਕਿੰਨਾ ਮਹਿੰਗਾ ਹੋ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ‘ਚ ਥਾਣਾ ਸਮਾਲਸਰ ਅਧੀਨ ਪਿੰਡ ਵੈਰੋਕੇ ਵਿਖੇ ਮਿਲੀ। ਵਿਆਹਿਆ ਜੋੜਾ ਇੱਕ ਦੂਜੇ ਨਾਲ ਮਜ਼ਾਕ ਵਿਚ ਪੁੱਛ ਬੈਠਿਆ ਕਿ ‘ਮੇਰੇ ਲਈ ਕੀ ਕਰ ਸਕਦੇ ਹੋ।’ ਇਸ ਤੋਂ ਬਾਅਦ ਦੋਵੇਂ ਦੋ ਗਿਲਾਸਾਂ ਵਿਚ ਕੋਲਡ ਡ੍ਰਿੰਕਸ ਨਾਲ ਕੋਈ ਜ਼ਹਿਰਲੀ ਦਵਾਈ ਪਾ ਕੇ ਨਿਗਲ ਗਏ, ਪਤਨੀ ਦੀ ਮੌਤ ਹੋ ਗਈ ਤੇ ਪਤੀ ਜ਼ਿੰਦਗੀ ਲਈ ਲੜ ਰਿਹਾ ਹੈ। ਥਾਣਾ ਸਮਾਲਸਰ ਮੁਖੀ ਕੋਮਲਪ੍ਰੀਤ ਸਿੰਘ ਅਤੇ ਜਾਂਚ ਅਧਿਕਾਰੀ ਰਾਜ ਸਿੰਘ ਮੁਤਾਬਕ ਹਰਜਿੰਦਰ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਪਿੰਡ ਵੈਰੋਕੇ ਨੇ ਮਜ਼ਾਕ ‘ਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਜੋੜਾ ਆਪਣੀ ਵਿਆਹੁਤਾ ਜਿੰਦਗੀ ਦੇ ਖੁਸ਼ੀ ਦੇ ਪਲਾਂ ਵਿੱਚ ਇੱਕ ਦੂਸਰੇ ਨੂੰ ਮਜ਼ਾਕ ਕਰ ਰਿਹਾ ਸੀ ਕਿ ‘ਮੇਰੇ ਲਈ ਕੀ ਕਰ ਸਕਦੇ ਹੋ।’ ਜੋੜੇ ਦਾ ਕਰੀਬ 5 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਸਾਲ ਦੀ ਮਾਸੂਮ ਧੀ ਵੀ ਹੈ। ਮ੍ਰਿਤਕਾ ਮਨਜੀਤ ਕੌਰ ਦੀ ਮਾਂ ਸਿਮਰਨਜੀਤ ਕੌਰ ਨੇ ਦੱਸਿਆ ਕਿ 4 ਜੁਲਾਈ ਨੂੰ ਉਸ ਦੀ ਧੀ ਮਨਪ੍ਰੀਤ ਕੌਰ ਅਤੇ ਜਵਾਈ ਹਰਜਿੰਦਰ ਸਿੰਘ ਆਪਸ ਵਿੱਚ ਗੱਲਾਂ ਕਰਦੇ ਇੱਕ-ਦੂਜੇ ਨਾਲ ਮਜ਼ਾਕ ਕਰ ਰਹੇ ਸਨ। ਇਸ ਦੌਰਾਨ ਉਸ ਦੀ ਧੀ ਨੇ ਜਵਾਈ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦਾ ਹੈ। ਜਵਾਈ ਨੇ ਉਸ ਦੀ ਧੀ ਨੂੰ ਪੁੱਛਿਆ ਕਿ ਉਹ ਉਸ ਲਈ ਕੀ ਕਰ ਸਕਦੀ ਹੈ। ਇਸ ਤੋਂ ਬਾਅਦ ਮਜ਼ਾਕ ਨਾਲ ਪਤੀ ਅਤੇ ਪਤਨੀ ਵੱਲੋਂ ਦੋ ਗਿਲਾਸਾਂ ਵਿੱਚ ਕੋਲਡ ਡ੍ਰਿੰਕਸ ਪਾ ਕੇ ਉਸ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾਉਣ ਤੋਂ ਬਾਅਦ ਦੋਵੇਂ ਨਿਗਲ ਗਏ। ਉਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਲਿਆਦਾਂ ਗਿਆ। ਇਸ ਬਾਅਦ ਦੋਵਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਲੜਕੀ ਮਨਪ੍ਰੀਤ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦਾ ਜਵਾਈ ਹਸਪਤਾਲ ਵਿੱਚ ਦਾਖਲ ਹੈ।



Source link