ਰਾਜੌਰੀ/ਜੰਮੂ, 22 ਅਪਰੈਲ
ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਦਹਿਸ਼ਤੀ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਸਰਹੱਦੀ ਖੇਤਰ ਵਿੱਚ ਸੁਰੱਖਿਆ ਹਾਲਾਤ ਅਤੇ ਘਾਤ ਲਾ ਕੇ ਫੌਜੀ ਟਰੱਕ ‘ਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਚੱਲ ਰਹੇ ਅਪਰੇਸ਼ਨ ਦੀ ਸਮੀਖਿਆ ਕੀਤੀ। ਵੀਰਵਾਰ ਨੂੰ ਹੋਏ ਹਮਲੇ ਵਿੱਚ ਭਾਰਤੀ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗੲੇ ਸਨ। ਹਮਲੇ ਮੌਕੇ ਫੌਜੀ ਟਰੱਕ ਵਿਚ ਛੇ ਜਵਾਨ ਸਵਾਰ ਸਨ, ਜੋ ਪਿੰਡ ਸਾਂਗਿਯੋਟੇ ਵਿੱਚ ਇਫ਼ਤਾਰ ਲਈ ਫਲ ਤੇ ਹੋਰ ਸਾਮਾਨ ਲੈ ਕੇ ਜਾ ਰਹੇ ਸਨ।
ਇਸ ਦੌਰਾਨ ਦੋ ਰੋਜ਼ਾ ਫੇਰੀ ਲਈ ਅੱਜ ਜੰਮੂ ਪੁੱਜੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਐੱਸ.ਐੱਲ.ਥਾਓਸੇਨ ਤੇ ਏਡੀਜੀਪੀ ਮੁਕੇਸ਼ ਸਿੰਘ ਸਣੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਤੇ ਐੱਨਐੱਸਜੀ ਟੀਮ ਨੇ ਸੰਘਣੇ ਜੰਗਲ ਨਾਲ ਘਿਰੇ ਬਟਾ-ਡੋਰੀਆ ਇਲਾਕੇ ਦਾ ਮੁਆਇਨਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਥਾਓਸੇਨ ਪੁਲੀਸ ਮੁਖੀ ਦਿਲਬਾਗ ਸਿੰਘ ਅਤੇ ਰਾਜੌਰੀ ਤੇ ਪੁਣਛ ਅਧਾਰਿਤ ਹੋਰਨਾਂ ਸੀਆਰਪੀਐੱਫ ਕਮਾਂਡਰਾਂ ਨੂੰ ਵੀ ਮਿਲੇ। ਉਨ੍ਹਾਂ ਵੱਖ ਵੱਖ ਚੌਕੀਆਂ ‘ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਬੀਐੱਸਐੱਫ ਦੇ ਏਡੀਜੀ ਪੀ.ਵੀ.ਰਾਮਾ ਸ਼ਾਸਤਰੀ, ਆਈਜੀ ਡੀ.ਕੇ.ਬੂਰਾ, ਸੀਨੀਅਰ ਪੁਲੀਸ ਤੇ ਸੀਆਰਪੀਐੱਫ ਅਧਿਕਾਰੀ ਵੀ ਮੌਜੂਦ ਸਨ। ਉੱਤਰੀ ਕਮਾਂਡ ਨੇ ਇਕ ਟਵੀਟ ਵਿੱਚ ਕਿਹਾ ਕਿ ਲੈੱਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਹਮਲੇ ਮਗਰੋਂ ਅਪਰੇਸ਼ਨਲ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੂੰ ਹੁਣ ਤੱਕ ਕੀਤੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ। ਲੈਫਟੀਨੈਂਟ ਦਿਵੇਦੀ ਨੇ ਸੁਰੱਖਿਆ ਬਲਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਦ੍ਰਿੜ ਸੰਕਲਪ ਨੂੰ ਲੈ ਕੇ ਅਡੋਲ ਰਹਿਣ। ਚੇਤੇ ਰਹੇ ਕਿ ਫੌਜੀ ਟਰੱਕ ਨੂੰ ਨਿਸ਼ਾਨਾ ਬਣਾਉਂਦਿਆਂ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਪੰਜ ਫੌਜੀ ਜਵਾਨ ਸ਼ਹੀਦ ਹੋ ਗੲੇ ਸਨ ਜਦੋਂਕਿ ਉਨ੍ਹਾਂ ਦਾ ਇਕ ਸਾਥੀ ਗ਼ੰਭੀਰ ਜ਼ਖ਼ਮੀ ਹੋ ਗਿਆ ਸੀ। ਇਹ ਸਾਰੇ ਫੌਜੀ ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਸਨ ਤੇ ਇਹ ਯੂਨਿਟ ਦਹਿਸ਼ਤੀ ਅਪਰੇਸ਼ਨਾਂ ਦੇ ਟਾਕਰੇ ਲਈ ਤਾਇਨਾਤ ਸੀ। ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਬਟਾ ਡੋਰੀਆ ਦੇ ਸੰਘਣੇ ਜੰਗਲਾਂ ਵਿੱਚ ਅਪਰੇਸ਼ਨ ਜਾਰੀ ਹੈ, ਜਿਸ ਵਿੱਚ ਡਰੋਨਾਂ, ਖੋਜੀ ਕੁੱਤਿਆਂ ਤੇ ਐੱਮਆਈ ਚੌਪਰ ਦੀ ਵੀ ਮਦਦ ਲਈ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਜੌਰੀ ਤੇ ਪੁੁਣਛ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਹੁਣ ਤੱਕ 14 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਗਈ ਹੈ ਤੇ ਮਗਰੋਂ ਇਨ੍ਹਾਂ ਵਿਚੋਂ ਕੁੱਝ ਨੂੰ ਛੱਡ ਦਿੱਤਾ। -ਪੀਟੀਆਈ
ਸਾਂਗਿਯੋਟੇ ਪਿੰਡ ਨੇ ਚਾਵਾਂ ਨਾਲ ਨਾ ਮਨਾਈ ਈਦ
ਪੁਣਛ: ਪੁਣਛ ਦਹਿਸ਼ਤੀ ਹਮਲੇ ਵਿੱਚ ਪੰਜ ਭਾਰਤੀ ਫੌਜੀਆਂ ਦੀ ਸ਼ਹੀਦੀ ਤੋਂ ਗ਼ਮਜ਼ਦਾ ਜ਼ਿਲ੍ਹੇ ਦੇ ਪਿੰਡ ਸਾਂਗਿਯੋਟੇ ਦੇ ਵਸਨੀਕਾਂ ਨੇ ਚਾਵਾਂ ਨਾਲ ਈਦ ਨਹੀਂ ਮਨਾਈ। ਪਿੰਡ ਵਿੱਚ 3500 ਤੋਂ ਵੱਧ ਲੋਕ ਰਹਿੰਦੇ ਹਨ ਤੇ 60 ਫੀਸਦ ਤੋਂ ਵੱਧ ਪੁਰਸ਼ ਸਾਬਕਾ ਫ਼ੌਜੀ ਹਨ। ਪਿੰਡ ਦੇ ਸਰਪੰਚ ਮੁਖਤਿਆਰ ਖ਼ਾਨ ਨੇ ਇਸ ਖ਼ਬਰ ੲੇਜੰਸੀ ਨੂੰ ਫੋਨ ‘ਤੇ ਦੱਸਿਆ, ”ਅਸੀਂ ਪੂਰੇ ਉਤਸ਼ਾਹ ਨਾਲ ਈਦ ਨਹੀਂ ਮਨਾਈ। ਅਸੀਂ ਸਿਰਫ਼ ਨਮਾਜ਼ ਅਦਾ ਕੀਤੀ। ਪਿੰਡ ਵਾਸੀ ਜਵਾਨਾਂ ਦੀ ਮੌਤ ਤੋਂ ਗ਼ਮਜ਼ਦਾ ਹਨ। ਇਹ ਜਵਾਨ ਵੀਰਵਾਰ ਸ਼ਾਮ ਨੂੰ ਇਫ਼ਤਾਰ ਲਈ ਫਲ ਤੇ ਹੋਰ ਸਾਮਾਨ ਲੈ ਕੇ ਆ ਰਹੇ ਸਨ।” ਖ਼ਾਨ ਨੇ ਕਿਹਾ ਕਿ ਉਹ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦੇ ਹਨ। -ਪੀਟੀਆਈ
ਜਾਂਚ ਦੇ ਨਾਂ ‘ਤੇ ਬੇਕਸੂਰਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ: ਫਾਰੂਕ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਪੁਣਛ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਦੀ ਪੈੜ ਨੱਪਣ ਲਈ ਵਿੱਢੇ ਅਪਰੇਸ਼ਨ ਦੌਰਾਨ ਭੋਲੇ-ਭਾਲੇ (ਬੇਕਸੂਰ) ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਸਾਬਕਾ ਮੁੱਖ ਮੰਤਰੀ ਨੇ ਹਜ਼ਰਤਬਲ ਸਥਿਤ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਉਨ੍ਹਾਂ (ਸੁਰੱਖਿਆ ਬਲਾਂ) ਪੁਣਛ ‘ਚ ਅਪਰੇਸ਼ਨ ਸ਼ੁਰੂ ਕੀਤਾ ਹੈ। ਉਹ ਭੋਲੇ-ਭਾਲੇ ਲੋਕਾਂ ਨੂੰ ਗ੍ਰਿਫ਼ਤਾਰ ਨਾ ਕਰਨ। ਇਹ ਉਨ੍ਹਾਂ ਦੀ ਗ਼ਲਤੀ ਹੈ, ਉਨ੍ਹਾਂ ਨੂੰ ਬੇਕਸੂਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਇਹ ਗ਼ਲਤ ਹੈ ਤੇ ਇਸ ਤੋਂ ਬਚਿਆ ਜਾਵੇ।” ਅਬਦੁੱਲਾ ਨੇ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਾ ਦੇਣ ‘ਤੇ ਵੀ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਹੁਰੀਅਤ ਚੇਅਰਮੈਨ ਮੀਰਵਾਇਜ਼ ਫਾਰੂਕ, ਜੋ ਕਸ਼ਮੀਰ ਦੇ ਮੁੱਖ ਮੌਲਵੀ ਹਨ, ਨੂੰ ਨਮਾਜ਼ ‘ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। -ਪੀਟੀਆਈ










