ਹਤਿੰਦਰ ਮਹਿਤਾ
ਜਲੰਧਰ, 12 ਫਰਵਰੀ
ਇਥੋਂ ਦੀਆਂ ਸੜਕਾਂ ਦੀਆਂ ਖਸਤਾ ਹਾਲਤ ਹੋਣ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਨਕੋਦਰ ਰੋਡ ਦੇ ਇੱਕ ਪਾਸੇ ਰਵਿਦਾਸ ਚੌਕ ਤੋਂ ਵਡਾਲਾ ਚੌਕ, ਭਗਤ ਸਿੰਘ ਚੌਕ, ਕੂਲ ਰੋਡ, ਐਮਜੀਐਨ ਸਕੂਲ ਨੇੜੇ ਅਰਬਨ ਅਸਟੇਟ ਫੇਜ਼-2 ਵਾਲੀ ਸੜਕ, ਡਿਫੈਂਸ ਕਲੋਨੀ ਰੋਡ ਵਰਗੇ ਪ੍ਰਮੁੱਖ ਮਾਰਗਾਂ ਦੀ ਮੁਰੰਮਤ ਦੀ ਸਖ਼ਤ ਲੋੜ ਹੈ, ਫਿਰ ਵੀ ਨਗਰ ਨਿਗਮ ਇਸ ਵੱਲ ਧਿਆਨ ਨਹੀਂ ਦੇ ਰਿਹਾ। ਇਨ੍ਹਾਂ ਸੜਕਾਂ ’ਤੇ ਹਰ ਰੋਜ਼ ਜਾਣ ਵਾਲੇ ਯਾਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਨਿਰਾਸ਼ਾ ਅਤੇ ਚਿੰਤਾ ਪ੍ਰਗਟ ਕਰਦੇ ਹਨ। ਉਨ੍ਹਾਂ ਪੈਚਵਰਕ ਦੀ ਮਾੜੀ ਕੁਆਲਿਟੀ ਅਤੇ ਨਿਗਰਾਨੀ ਦੀ ਘਾਟ ਦੀ ਵੀ ਆਲੋਚਨਾ ਕੀਤੀ। ਕਈ ਸ਼ਿਕਾਇਤਾਂ ਅਤੇ ਐਮਸੀ ਦਫ਼ਤਰ ਦੇ ਦੌਰੇ ਦੇ ਬਾਵਜੂਦ ਸਬੰਧਤ ਅਧਿਕਾਰੀ ਇਸ ਮੁੱਦੇ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾ ਰਹੇ। ਕਮਲੇਸ਼ ਕੌਰ ਨੇ ਦੱਸਿਆ ਕਿ ਆਨਲਾਈਨ ਅਤੇ ਔਫਲਾਈਨ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਸੜਕਾਂ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਠੇਕੇਦਾਰਾਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੀ ਮਾੜੀ ਹਾਲਤ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇ। ਭਗਤ ਸਿੰਘ ਚੌਕ ਨੇੜੇ ਵਸਨੀਕਾਂ ਨੇ ਸੜਕ ਦੀ ਮਾੜੀ ਹਾਲਤ ਦਾ ਉਨ੍ਹਾਂ ਦੇ ਰੋਜ਼ਾਨਾ ਜੀਵਨ ਅਤੇ ਕਾਰੋਬਾਰਾਂ ’ਤੇ ਪੈ ਰਹੇ ਮਾੜੇ ਪ੍ਰਭਾਵਾਂ ’ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਟੁੱਟੀਆਂ ਸੜਕਾਂ ਅਤੇ ਮੁਰੰਮਤ ਦੇ ਕੰਮ ਨਹੀਂ ਹੋ ਰਹੇ ਜਿਸ ਨਾਲ ਸਥਾਨਕ ਕਾਰੋਬਾਰਾਂ ’ਤੇ ਬੁਰਾ ਅਸਰ ਪੈਂਦਾ ਹੈ। ਦੁਕਾਨਦਾਰਾਂ ਨੇ ਫੰਡਾਂ ਦੀ ਵੰਡ ਅਤੇ ਉਨ੍ਹਾਂ ਦੀ ਵਰਤੋਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਆਗੂਆਂ ਵੱਲੋਂ ਕੀਤੇ ਵਾਅਦੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਹਕੀਕਤ ਦੇ ਬਿਲਕੁਲ ਉਲਟ ਹਨ। ਲੋਕਲ ਬਾਡੀਜ਼ ਮੰਤਰੀ ਦੇ ਜਲੰਧਰ ਤੋਂ ਹੋਣ ਦੇ ਬਾਵਜੂਦ ਇਹ ਸ਼ਹਿਰ ਪੰਜਾਬ ਦੇ ਹੋਰਨਾਂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਮੁੱਦਿਆਂ ਨੂੰ ਹੱਲ ਕਰਨ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਵਿੱਚ ਕਾਫ਼ੀ ਪਛੜ ਗਿਆ ਹੈ। ਇਸ ਸਬੰਧ ਵਿਚ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
The post ਖਸਤਾ ਹਾਲ ਸੜਕਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ appeared first on Punjabi Tribune.










