ਸੰਜੀਵ ਬੱਬੀ
ਚਮਕੌਰ ਸਾਹਿਬ, 3 ਸਤੰਬਰ
ਇਤਿਹਾਸਕ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਦੇ ਬਰਸਾਤੀ ਨਾਲੇ ਨਾਲ ਲੱਗਦੇ ਸੱਤ ਪੱਕੇ ਕਮਰੇ ਡਿੱਗ ਗਏ ਹਨ, ਜਿਨ੍ਹਾਂ ਵਿੱਚ ਪਿਆ ਕਾਫੀ ਸਮਾਨ ਮਲਬੇ ਹੇਠ ਦੱਬ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਗੁਰਦੁਆਰੇ ਦੇ ਪ੍ਰਬੰਧਕ ਬਾਬਾ ਗੱਫਾ ਸਿੰਘ, ਸੇਵਾਦਾਰ ਬਾਬਾ ਗੁਰਦੇਵ ਸਿੰਘ , ਬਾਬਾ ਗੁਰਤੇਜ ਸਿੰਘ ਅਤੇ ਬਾਬਾ ਗੁਰਨੈਬ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਪਏ ਭਾਰੀ ਮੀਂਹ ਕਾਰਨ ਬਰਸਾਤੀ ਨਾਲੇ ਸਮੇਤ ਖਾਲਸਾ ਮੁਹੱਲੇ ਵਿੱਚ ਕਈ ਕਈ ਫੁੱਟ ਪਾਣੀ ਆਉਣ ਕਾਰਨ ਗੁਰਦੁਆਰੇ ਦੇ ਕਮਰਿਆਂ ਨੇੜੇ ਬਣੇ ਇੱਕ ਟੇਲਰ ਮਾਸਟਰ ਦਾ ਬਣਿਆ ਹੋਇਆ ਪੱਕਾ ਮਕਾਨ ਡਿੱਗ ਗਿਆ ਸੀ, ਜਿਸ ਕਾਰਨ ਗੁਰਦੁਆਰੇ ਦੇ ਉਕਤ ਕਮਰਿਆਂ ਦੀਆਂ ਨੀਂਹਾਂ ਵੀ ਕਮਜ਼ੋਰ ਪੈ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਬਰਸਾਤੀ ਨਾਲੇ ਦਾ ਪਾਣੀ ਹਰ ਸਾਲ ਬਰਸਾਤ ਦੇ ਦਿਨਾਂ ਦੌਰਾਨ ਨੁਕਸਾਨ ਕਰਦਾ ਹੈ ਪਰ ਪ੍ਰਸ਼ਾਸਨ ਇਸ ਦਾ ਕੋਈ ਵੀ ਬੰਦੋਬਸਤ ਨਹੀਂ ਕਰ ਰਿਹਾ, ਜਿਸ ਦਾ ਖਮਿਆਜ਼ਾ ਉਨ੍ਹਾਂ ਸਮੇਤ ਕਲੋਨੀ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਡਿੱਗੇ ਕਮਰਿਆਂ ਵਿੱਚ ਪਸ਼ੂਆਂ ਤੇ ਘੋੜਿਆਂ ਦੀ ਫੀਡ, ਖਾਦ, ਟੋਕਾ ਮਸ਼ੀਨ, ਆਟਾ ਅਤੇ ਲੰਗਰ ਦੇ ਸਮਾਨ ਸਮੇਤ ਹੋਰ ਜ਼ਰੂਰਤ ਦਾ ਸਮਾਨ ਰੱਖਿਆ ਹੋਇਆ ਸੀ ਜੋ ਕਿ ਸਾਰਾ ਹੀ ਕਮਰਿਆਂ ਦੇ ਡਿੱਗਣ ਕਾਰਨ ਮਲਬੇ ਹੇਠ ਆ ਕੇ ਬਰਬਾਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਕਮਰਿਆਂ ਦੇ ਡਿੱਗਣ ਅਤੇ ਖਰਾਬ ਹੋਏ ਸਮਾਨ ਦਾ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬਰਸਾਤੀ ਨਾਲੇ ਦਾ ਸਹੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ।
The post ਗੁਰਦੁਆਰਾ ਤਾੜੀ ਸਾਹਿਬ ਦੇ ਬਰਸਾਤੀ ਨਾਲੇ ਨਾਲ ਲੱਗਦੇ ਸੱਤ ਕਮਰੇ ਡਿੱਗੇ appeared first on punjabitribuneonline.com.










