ਆਤਿਸ਼ ਗੁਪਤਾ
ਚੰਡੀਗੜ੍ਹ, 14 ਸਤੰਬਰ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਹੁਣ ਪਾਸਪੋਰਟ ਬਣਵਾਉਣ ਲਈ ਪਾਸਪੋਰਟ ਦਫ਼ਤਰ ਜਾਣ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਅੱਜ ਚੰਡੀਗੜ੍ਹ ਸਥਿਤ ਪਾਸਪੋਰਟ ਦਫ਼ਤਰ ਨੇ ਚਾਰ ਪਾਸਪੋਰਟ ਮੇਕਿੰਗ ਵੈਨ ਦੀ ਸ਼ੁਰੂਆਤ ਕੀਤੀ ਹੈ। ਇਹ ਪਾਸਪੋਰਟ ਮੇਕਿੰਗ ਵੈਨ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਪਾਸਪੋਰਟ ਬਣਾਵੇਗੀ, ਜਿਸ ਨਾਲ ਲੋਕਾਂ ਨੂੰ ਪਾਸਪੋਰਟ ਦਫ਼ਤਰ ਜਾਣ ਦੀ ਲੋੜ ਨਹੀਂ ਹੋਵੇਗਾ। ਅੱਜ ਪਹਿਲੇ ਦਿਨ 80 ਲੋਕਾਂ ਨੇ ਪਾਸਪੋਰਟ ਮੇਕਿੰਗ ਵੈਨ ਰਾਹੀਂ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਹੈ।
ਰਿਜ਼ਨਲ ਪਾਸਪੋਰਟ ਅਫ਼ਸਰ (ਆਰਪੀਓ) ਪ੍ਰਿਅੰਕਾ ਮੇਹਤਾਨੀ ਨੇ ਕਿਹਾ ਕਿ ਪਾਸਪੋਰਟ ਮੇਕਿੰਗ ਵੈਨ ਰਾਹੀਂ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਪਾਸਪੋਰਟ ਦੀ ਅਪਾਇੰਟਮੈਂਟ ਦੀ ਤਰੀਖ ਲੈਣ ਸਮੇਂ ਵੈਨ ’ਤੇ ਅਪਾਇੰਟਮੈਂਟ ਲੈਣੀ ਪਵੇਗੀ। ਉਸ ਤੋਂ ਬਾਅਦ ਵੈਨ ਦੀ ਲੋਕੇਸ਼ਨ ’ਤੇ ਪਹੁੰਚ ਕੇ ਹੀ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਸਮੇਂ ਵਿੱਚ ਇਕ ਮਹੀਨੇ ਲਈ ਵੈਨ ਨੂੰ ਸੈਕਟਰ-34 ’ਚ ਪਾਸਪੋਰਟ ਦਫ਼ਤਰ ਦੇ ਨਜ਼ਦੀਕ ਹੀ ਖੜ੍ਹਾਂ ਕੀਤਾ ਜਾਵੇਗਾ। ਉਸ ਤੋਂ ਬਾਅਦ ਸ਼ਹਿਰ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਨਜ਼ਦੀਕ ਇਨ੍ਹਾਂ ਨੂੰ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਸਪੋਰਟ ਮੇਕਿੰਗ ਵੈਨ ਵਿੱਚ ਫਿੰਗਰ ਪ੍ਰਿੰਟ ਮਸ਼ੀਨ, ਆਈ ਚੈੱਕ ਮਸ਼ੀਨ ਸਣੇ ਹੋਰ ਦਸਤਾਵੇਜ਼ ਵੈਰੀਫਿਕੇਸ਼ਨ ਵਾਲੀਆਂ ਸਾਰੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਆਰਪੀਓ ਨੇ ਕਿਹਾ ਕਿ ਚਾਰ ਪਾਸਪੋਰਟ ਮੇਕਿੰਗ ਵੈਨਾਂ ਰਾਹੀਂ ਪਾਸਪੋਰਟ ਦਫ਼ਤਰ ’ਚ ਲੱਗਣ ਵਾਲੀ ਭੀੜ ਨੂੰ ਘਟਾਇਆ ਜਾ ਸਕੇਗਾ। ਇਨ੍ਹਾਂ ਰਾਹੀਂ ਇਕ ਮਹੀਨੇ ਵਿੱਚ 9 ਹਜ਼ਾਰ ਲੋਕਾਂ ਨੂੰ ਪਾਸਪੋਰਟ ਬਣਾਉਣ ਦੀ ਸਹੁੂਲਤ ਦਿੱਤੀ ਜਾ ਸਕੇਗੀ।
The post ਚੰਡੀਗੜ੍ਹ ’ਚ ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਬਣਾਏ ਜਾਣਗੇ ਪਾਸਪੋਰਟ appeared first on punjabitribuneonline.com.










