ਚੰਨੀ ਤੇ ਬਾਦਲ ਮਿਲ ਕੇ ‘ਆਪ’ ਨੂੰ ਭੰਡ ਰਹੇ: ਕੇਜਰੀਵਾਲ

ਚੰਨੀ ਤੇ ਬਾਦਲ ਮਿਲ ਕੇ ‘ਆਪ’ ਨੂੰ ਭੰਡ ਰਹੇ: ਕੇਜਰੀਵਾਲ


ਦਲਬੀਰ ਸੱਖੋਵਾਲੀਆ

ਡੇਰਾ ਬਾਬਾ ਨਾਨਕ, 17 ਫਰਵਰੀ

‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡੇਰਾ ਬਾਬਾ ਨਾਨਕ ਵਿੱਚ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ ਕਿਹਾ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਸ ਵਿੱਚ ਮਿਲੇ ਹੋਏ ਸਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਦੇ ਇੱਕ-ਦੂਜੇ ਖ਼ਿਲਾਫ਼ ਬਿਆਨ ਤੱਕ ਨਹੀਂ ਦਿੱਤਾ, ਉਲਟਾ ਦੋਵੇਂ ਉਨ੍ਹਾਂ ਨੂੰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਥਾਂ-ਥਾਂ ਭੰਡ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਦਾ ਕਸੂਰ ਇਹੋ ਹੀ ਹੈ ਕਿ ਉਹ ਪੰਜਾਬ ਦੇ ਸਕੂਲਾਂ, ਹਸਪਤਾਲਾਂ ਦੀ ਤਕਦੀਰ ਬਦਲਣਾ ਚਾਹੁੰਦੇ ਹਨ, ਪੰਜਾਬ ਨੂੰ ਬੁਲੰਦੀਆਂ ‘ਤੇ ਲਿਜਾਣ ਦੀ ਇੱਛਾ ਸ਼ਕਤੀ ਰੱਖਦੇ ਹਨ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਕਾਂਗਰਸੀ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਭਗਵੰਤ ਮਾਨ ਦੇ ਇਮਾਨਦਾਰ ਹੋਣ ਦਾ ਡਰ ਸਤਾ ਰਿਹਾ ਹੈ ਪਰ ਇਨ੍ਹਾਂ ਰਵਾਇਤੀ ਪਾਰਟੀਆਂ ਨੇ 2017 ਵਿੱਚ ਵੀ ਮਿਲ ਕੇ ਸਿਆਸੀ ਗੇਮ ਖੇਡੀ ਸੀ, ਜਿਸ ਦਾ ਪਛਤਾਵਾ ਪੰਜਾਬ ਦੇ ਲੋਕਾਂ ਨੂੰ ਲੰਘੇ ਪੰਜ ਸਾਲਾਂ ਤੋਂ ਹੋ ਰਿਹਾ ਹੈ।

ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਤਹਿਗੜ੍ਹ ਚੂੜੀਆਂ ਤੋਂ ‘ਆਪ’ ਉਮੀਦਵਾਰ ਬਲਬੀਰ ਸਿੰਘ ਪੰਨੂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ। ਇਹ ਰੋਡ ਸ਼ੋਅ ਸਟੇਸ਼ਨ ਰੋਡ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਨਵਾਂ ਬੱਸ ਸਟੈਂਡ, ਸ਼ਹੀਦ ਭਗਤ ਸਿੰਘ ਚੌਕ, ਬਿਜਲੀ ਘਰ, ਪੁਰਾਣਾ ਬੱਸ ਅੱਡਾ ਅਤੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਧ ਸੰਗਤ ਚੌਕ ਪਹੁੰਚਿਆ, ਜਿੱਥੇ ਥਾਂ-ਥਾਂ ‘ਤੇ ਲੋਕਾਂ ਨੇ ਕੇਜਰੀਵਾਲ ਤੇ ਬਲਬੀਰ ਸਿੰਘ ਪੰਨੂ ‘ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।

ਗੁਰਦਾਸਪੁਰ (ਜਤਿੰਦਰ ਬੈਂਸ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਰਦਾਸਪੁਰ ‘ਚ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ।

ਪਠਾਨਕੋਟ (ਐੱਨਪੀ ਧਵਨ): ਵਿਧਾਨ ਸਭਾ ਹਲਕਾ ਭੋਆ ਅਤੇ ਸੁਜਾਨਪੁਰ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਉਮੀਦਵਾਰਾਂ ਕ੍ਰਮਵਾਰ ਲਾਲ ਚੰਦ ਕਟਾਰੂਚੱਕ ਤੇ ਠਾਕੁਰ ਅਮਿਤ ਸਿੰਘ ਮੰਟੂ ਦੇ ਹੱਕ ਵਿੱਚ ਰੋਡ ਸ਼ੋਅ ਕੱਢੇ। ਇਸ ਮੌਕੇ ਰੋਡ ਸ਼ੋਅ ਵਿੱਚ ਪਾਰਟੀ ਦੇ ਸਮਰਥਕਾਂ ਤੇ ਆਮ ਲੋਕਾਂ ਵਿੱਚ ਭਾਰੀ ਜੋਸ਼ ਸੀ ਤੇ ਉਹ ਹੱਥਾਂ ਵਿੱਚ ਝਾੜੂ ਅਤੇ ਪਾਰਟੀ ਦੇ ਝੰਡੇ ਲੈ ਕੇ ਸ਼ਾਮਲ ਹੋਏ ਸਨ।



Source link