ਜ਼ਮੀਨ ਦਾ ਕਬਜ਼ਾ ਲੈਣ ਗਈ ਟੀਮ ਬੇਰੰਗ ਪਰਤੀ

ਜ਼ਮੀਨ ਦਾ ਕਬਜ਼ਾ ਲੈਣ ਗਈ ਟੀਮ ਬੇਰੰਗ ਪਰਤੀ


ਜੋਗਿੰਦਰ ਸਿੰਘ ਓਬਰਾਏ
ਖੰਨਾ, 5 ਸਤੰਬਰ
ਇਥੋਂ ਦੇ ਸੰਘਾੜਾ ਵਾਲਾ ਟੋਭਾ ਨੇੜੇ ਸਥਿਤ ਬਹੁ ਕਰੋੜੀ ਜ਼ਮੀਨ ’ਤੇ ਅਦਾਲਤ ਦੇ ਹੁਕਮਾਂ ਬਾਅਦ ਕਬਜ਼ਾ ਲੈਣ ਲਈ ਆਈ ਪ੍ਰਸ਼ਾਸਨ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ। ਦੂਜੀ ਧਿਰ ਨੇ ਅਦਾਲਤ ਵੱਲੋਂ ਜਾਰੀ ਵਾਰੰਟ ਵਾਪਸ ਲੈਣ ਦੇ ਆਰਡਰ ਦਿਖਾਏ ਜਿਸ ਕਾਰਨ ਟੀਮ ਵਾਪਸ ਚਲੇ ਗਈ। ਅਦਾਲਤ ਵੱਲੋਂ ਜਾਰੀ ਹੁਕਮਾਂ ਵਿਚ ਪਾਰਟੀ ਨੂੰ ਇਕ ਦਿਨ ਦੀ ਸਟੇਅ ਮਿਲ ਗਈ ਹੈ ਤੇ ਇਸ ਮਾਮਲੇ ਦੀ ਅੱਜ ਸੁਣਵਾਈ ਹੈ। ਕਰੀਬ 50 ਸਾਲਾਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਵਿਚ ਅਦਾਲਤ ਦੇ ਫੈਸਲੇ ’ਤੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਅੱਜ ਕਾਨੂੰਨਗੋ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਜ਼ਮੀਨ ਦਾ ਕਬਜ਼ਾ ਲੈਣ ਲਈ ਪੁੱਜੀ। ਟੀਮ ਵਿਚ ਅਮਰਜੀਤ ਸਿੰਘ ਜੇਈ, ਕੁਲਵਿੰਦਰ ਸਿੰਘ, ਅਨਿਲ ਕੁਮਾਰ, ਜਸਵਿੰਦਰ ਸਿੰਘ, ਹਿੰਮਤ ਸਿੰਘ, ਕ੍ਰਿਸ਼ਨ ਕੁਮਾਰ, ਬਿਕਰਮਜੀਤ ਸਿੰਘ, ਸੋਨੀ, ਜੀਤ ਕੁਮਾਰ, ਆਸ਼ੂ ਸ਼ਾਮਲ ਸਨ। ਟੀਮ ਨੇ ਜ਼ਮੀਨ ਦੀ ਮਿਣਤੀ ਦਾ ਕੰਮ ਸ਼ੁਰੂ ਕੀਤਾ ਤਾਂ ਜ਼ਮੀਨ ’ਤੇ ਘਰ ਬਣਾ ਕੇ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਾਮਲਾ ਤਣਾਅਪੂਰਨ ਬਣ ਗਿਆ। ਜਦੋਂ ਟੀਮ ਨੂੰ ਅਦਾਲਤ ਦੇ ਨਵੇਂ ਆਰਡਰ ਦਿਖਾਏ ਗਏ ਤਾਂ ਕਬਜ਼ੇ ਦਾ ਕੰਮ ਰੋਕ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਖੰਨਾ ਅਤੇ ਮਹੰਤ ਕਸ਼ਮੀਰ ਗਿਰੀ ਵਿਚਾਲੇ ਅਦਾਲਤ ਵਿਚ ਚੱਲ ਰਹੇ ਕੇਸ ਦੌਰਾਨ ਅਦਾਲਤ ਨੇ ਨਗਰ ਕੌਂਸਲ ਦੇ ਹੱਕ ਵਿਚ ਫੈਸਲਾ ਦਿੰਦਿਆਂ ਜ਼ਮੀਨ ’ਤੇ ਕਬਜ਼ਾ ਕਰਨ ਦੇ ਹੁਕਮ ਦਿੱਤੇ। ਇਸ ਸਬੰਧੀ ਕਾਨੂੰਨਗੋ ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਕਮੇਟੀ ਦੀ ਜ਼ਮੀਨ ’ਤੇ ਕਬਜ਼ਾ ਹਟਾਉਣ ਲਈ ਆਏ ਸਨ ਪਰ ਦੂਜੀ ਧਿਰ ਨੇ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਖੰਨਾ ਭੁਪਿੰਦਰ ਮਿੱਤਲ ਦੀ ਅਦਾਲਤ ਦੇ ਆਰਡਰ ਪੇਸ਼ ਕੀਤੇ , ਜਿਸ ਕਾਰਨ ਕਾਰਵਾਈ ਫ਼ਿਲਹਾਲ ਲਈ ਰੋਕ ਦਿੱਤੀ ਗਈ ਹੈ। ਦੂਜੀ ਧਿਰ ਦੇ ਵਕੀਲ ਸੁਨੰਦਣ ਗੈਂਦ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਪੈਂਡਿੰਗ ਹੈ ਅਤੇ ਫਿਲਹਾਲ ਅਦਾਲਤ ਵੱਲੋਂ ਕਬਜ਼ਾ ਦਿਵਾਉਣ ਦੇ ਆਪਣੇ ਜਾਰੀ ਵਾਰੰਟ ਵਾਪਸ ਲਏ ਗਏ ਹਨ। ਇਸ ਦੌਰਾਨ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਅਦਾਲਤ ਦੇ ਅਗਲੇ ਹੁਕਮਾਂ ਉਪਰੰਤ ਕੋਈ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

The post ਜ਼ਮੀਨ ਦਾ ਕਬਜ਼ਾ ਲੈਣ ਗਈ ਟੀਮ ਬੇਰੰਗ ਪਰਤੀ appeared first on punjabitribuneonline.com.



Source link