ਝੋਨੇ ਦੀ ਫ਼ਸਲ ’ਤੇ ਕੱਟ ਲਾਉਣ ’ਤੇ ਰੋਸ; ਕਿਸਾਨਾਂ ਵੱਲੋਂ ਪ੍ਰਦਰਸ਼ਨ

ਝੋਨੇ ਦੀ ਫ਼ਸਲ ’ਤੇ ਕੱਟ ਲਾਉਣ ’ਤੇ ਰੋਸ; ਕਿਸਾਨਾਂ ਵੱਲੋਂ ਪ੍ਰਦਰਸ਼ਨ


ਦਵਿੰਦਰ ਸਿੰਘ ਭੰਗੂ
ਰਈਆ, 2 ਦਸੰਬਰ
ਮਾਰਕੀਟ ਕਮੇਟੀ ਰਈਆ ਦੇ ਦਫ਼ਤਰ ਦੇ ਬਾਹਰ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੁਤਾਲਾ ਮੰਡੀ ਦੇ ਕਿਸਾਨਾਂ ਵਲੋਂ ਆੜ੍ਹਤੀਆ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਝੋਨੇ ਦੀ ਫ਼ਸਲ ਦੀ ਅਦਾਇਗੀ ਐਮ ਐੱਸ ਪੀ (2320) ਦੀ ਥਾਂ 1860 ਤੋਂ 2100 ਰੁਪਏ ਪ੍ਰਤੀ ਕੁਵਿੰਟਲ ਕੀਤੇ ਜਾਣ ਕਾਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਸੈਕਟਰੀ ਅਤੇ ਡੀ ਸੀ ਅੰਮ੍ਰਿਤਸਰ ਨੂੰ ਲਿਖਤੀ ਪੱਤਰ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ ਜਮਾਲਪੁਰ, ਤਰਸੇਮ ਸਿੰਘ ਬੁਤਾਲਾ, ਨਿਰਮਲ ਸਿੰਘ ਵੇਦਾਦਪੁਰ,ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਵੇਦਾਦਪੁਰ,ਬਲਵਿੰਦਰ ਸਿੰਘ ਸੇਰੋ, ਸੰਤੋਖ ਸਿੰਘ ਟਪਿਆਲਾ, ਕੁਲਵੰਤ ਸਿੰਘ ਸੇਰੋ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਨਮੀ ਦੀ ਮਾਤਰਾ ਵੱਧ ਦੱਸ ਕੇ ਭਾਰੀ ਕੱਟ ਲਾਇਆ ਗਿਆ ਹੈ। ਇਸ ਸਬੰਧੀ ਪਰਮਜੀਤ ਸਿੰਘ, ਗੁਰਪਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਹੋਰਾਂ ਨੇ ਹਲਫ਼ੀਆ ਬਿਆਨ ਦਿੱਤਾ। ਕਿਸਾਨਾਂ ਨੇ ਸੈਕਟਰੀ ਮਾਰਕੀਟ ਕਮੇਟੀ ਡੀ ਸੀ ਅੰਮ੍ਰਿਤਸਰ ਨੂੰ ਲਿਖਤੀ ਪੱਤਰ ਅਤੇ ਹਲਫ਼ੀਆ ਬਿਆਨ ਭੇਜ ਕਿ ਆਪਣੀ ਬਕਾਇਆ ਅਦਾਇਗੀ ਦਿਵਾਉਣ ਅਤੇ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਹੇਰਾਫੇਰੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਈ ਕਿਸਾਨਾਂ ਪਾਸ ਜੋ ਜੇ ਫਾਰਮ ਦਿੱਤੇ ਗਏ ਹਨ ਉਨ੍ਹਾਂ ’ਤੇ ਕਿਸੇ ਵੀ ਮਾਰਕੀਟ ਕਮੇਟੀ ਦੀ ਮੋਹਰ ਨਹੀਂ ਹੈ। ਇਸ ਸਬੰਧੀ ਪਨਸਪ ਦੇ ਡੀ ਐਮ ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਵਿਚ ਉਨ੍ਹਾਂ ਦੇ ਕਿਸੇ ਕਰਮਚਾਰੀ ਦੀ ਸ਼ਮੂਲੀਅਤ ਹੋਈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡੀ ਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।

 

The post ਝੋਨੇ ਦੀ ਫ਼ਸਲ ’ਤੇ ਕੱਟ ਲਾਉਣ ’ਤੇ ਰੋਸ; ਕਿਸਾਨਾਂ ਵੱਲੋਂ ਪ੍ਰਦਰਸ਼ਨ appeared first on Punjabi Tribune.



Source link