ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜਨਵਰੀ
ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਨੂੰ ਸੀਲ ਕਰਨ ਦੀ ਸ਼ੁਰੂ ਕੀਤੀ ਗਈ ਕਾਰਵਾਈ ਵਿਰੋਧ ਦੇ ਬਾਵਜੂਦ ਦੂਜੇ ਦਿਨ ਵੀ ਜਾਰੀ ਰਹੀ। ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 33 ਨਾਜਾਇਜ਼ ਇਮਾਰਤਾਂ ਨੂੰ ਸੀਲ ਕਰ ਦਿੱਤਾ। ਇਹ ਇਮਾਰਤਾਂ ਨਗਰ ਨਿਗਮ ਦੇ ਜ਼ੋਨ ਏ ਅਤੇ ਸੀ ਅਧੀਨ ਆਉਂਦੇ ਇਲਾਕਿਆਂ ਵਿੱਚ ਸਥਿਤ ਹਨ। ਮਾਲਕਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਬੰਦ ਨਹੀਂ ਕੀਤੀਆਂ, ਜਿਸ ਕਾਰਨ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ। ਅਸਿਸਟੈਂਟ ਟਾਊਨ ਪਲਾਨਰ ਐੱਮ.ਐੱਸ. ਬੇਦੀ ਦੀ ਅਗਵਾਈ ਵਿੱਚ ਜ਼ੋਨ ਏ ਟੀਮ ਨੇ ਫੀਲਡ ਗੰਜ, ਮਾਲੀ ਗੰਜ ਸਮੇਤ ਹੋਰ ਇਲਾਕਿਆਂ ਵਿੱਚ 12 ਇਮਾਰਤਾਂ ਨੂੰ ਸੀਲ ਕੀਤਾ। ਇਸੇ ਤਰ੍ਹਾਂ ਏ.ਟੀ.ਪੀ. ਪ੍ਰਦੀਪ ਸਹਿਗਲ ਦੀ ਅਗਵਾਈ ਵਿੱਚ ਜ਼ੋਨ ਸੀ ਦੀ ਟੀਮ ਨੇ ਡਾਬਾ-ਲੋਹਾਰਾ ਰੋਡ, ਸੂਆ ਰੋਡ, ਈਸਟਮੈਨ ਚੌਕ, ਗਿੱਲ ਰੋਡ ਸਮੇਤ ਹੋਰ ਇਲਾਕਿਆਂ ਵਿੱਚ ਸਥਿਤ 21 ਇਮਾਰਤਾਂ ਨੂੰ ਸੀਲ ਕੀਤਾ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਉਸਾਰੀਆਂ ਬੰਦ ਕਰਨ ਅਤੇ ਬਿਲਡਿੰਗ ਪਲਾਨ ਨਗਰ ਨਿਗਮ ਤੋਂ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।
The post ਨਗਰ ਨਿਗਮ ਵੱਲੋਂ 33 ਨਾਜਾਇਜ਼ ਉਸਾਰੀਆਂ ਸੀਲ appeared first on punjabitribuneonline.com.










