ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਅਕਤੂਬਰ
ਪਟਿਆਲਾ ਪੁਲੀਸ ਨੇ ਵੀਰਵਾਰ ਨੂੰ ਚਾਕੂ ਮਾਰ ਕੇ ਕਤਲ ਕੀਤੇ ਬਜ਼ੁਰਗ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ 25 ਸਾਲਾ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੇ ਮਰਹੂਮ ਦੀ ਪਤਨੀ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਸ਼ਾਦੀਪੁਰ ਦੇ ਗੁਰਤੇਜ,ਅਰਸ਼ਦੀਪ ਸਿੰਘ ਅਤੇ ਅਜੈ ਨੂੰ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੇ ਮਰਹੂਮ ਦੀ ਪਤਨੀ ਹਰਪ੍ਰੀਤ ਕੌਰ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਨੇ ਹਰਪ੍ਰੀਤ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਨੇ ਦੱਸਿਆ, ‘ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਕਬੂਲ ਕੀਤਾ ਹੈ ਕਿ ਉਸ ਦੇ ਪਿਛਲੇ ਕੁਝ ਸਾਲਾਂ ਤੋਂ ਗੁਰਤੇਜ ਨਾਲ ਸਬੰਧ ਸਨ। ਬਲਬੀਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਹਰਪ੍ਰੀਤ ਨਾਲ ਵਿਆਹ ਕੀਤਾ ਸੀ। ਡੀਐੱਸਪੀ ਸਿਟੀ ਸੰਜੀਵ ਸਿੰਗਲਾ ਮੁਤਾਬਕ ਸੰਤ ਨਗਰ ਇਲਾਕੇ ਦਾ ਰਹਿਣ ਵਾਲਾ ਬਲਬੀਰ ਸਿੰਘ (68) ਵੀਰਵਾਰ ਨੂੰ ਸਵੇਰ ਦੀ ਸੈਰ ਲਈ ਨੇੜਲੇ ਪਾਰਕ ‘ਚ ਜਾ ਰਿਹਾ ਸੀ ਤੇ ਉਦੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਐੱਸਐੱਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਪੀੜਤ ਦੀ ਪਤਨੀ ਬਾਰੇ ਕੁਝ ਸੁਰਾਗ ਮਿਲੇ ਹਨ ਅਤੇ ਦੋ ਦਿਨਾਂ ਵਿੱਚ ਕੇਸ ਸੁਲਝਾ ਲਿਆ ਹੈ।ਇਸ ਮੌਕੇ ਐੱਸਪੀ ਸਰਫ਼ਰਾਜ਼ ਆਲਮ, ਐੱਸਪੀ ਡੀ ਹਰਵੀਰ ਅਟਵਾਲ, ਡੀਐੱਸਪੀ ਸੁੱਖਅਮਰ ਰੰਧਾਵਾ ਤੇ ਜਸਵਿੰਦਰ ਟਵਾਣਾ ਤੇ ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ, ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਰਣਜੀਤ ਰੀਤੂ ਹਾਜ਼ਰ ਸਨ।
The post ਪਟਿਆਲਾ ਪੁਲੀਸ ਨੇ ਸਵੇਰੇ ਸੈਰ ਕਰਦੇ ਬਜ਼ੁਰਗ ਦੀ ਹੱਤਿਆ ਸਬੰਧੀ ਪਤਨੀ, ਉਸ ਦੇ ਪ੍ਰੇਮੀ ਸਣੇ 4 ਜਣੇ ਗ੍ਰਿਫ਼ਤਾਰ ਕੀਤੇ appeared first on punjabitribuneonline.com.









