ਨਵੀਂ ਦਿੱਲੀ, 14 ਅਪਰੈਲ
ਸੁਪਰੀਮ ਕੋਰਟ ਅੱਜ ਕਿਹਾ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਆਪਣੀਆਂ ਰਹਿਮ ਦੀਆਂ ਅਪੀਲਾਂ ‘ਤੇ ਫ਼ੈਸਲੇ ‘ਚ ਬਹੁਤ ਜ਼ਿਆਦਾ ਦੇਰੀ ਦਾ ਫਾਇਦਾ ਲੈ ਰਹੇ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਤੇ ਸਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਅਪੀਲਾਂ ‘ਤੇ ਜਲਦੀ ਤੋਂ ਜਲਦੀ ਫ਼ੈਸਲੇ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। ਜਸਟਿਸ ਐੱਮਆਰ ਸ਼ਾਹ ਅਤੇ ਜਸਟਿਸ ਸੀਟੀ ਰਵੀਕੁਮਾਰ ਦੇ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਆਖਰੀ ਸਿੱਟਾ ਕੱਢੇ ਜਾਣ ਤੋਂ ਬਾਅਦ ਵੀ ਰਹਿਮ ਦੀਆਂ ਅਪੀਲਾਂ ‘ਤੇ ਫ਼ੈਸਲਾ ਕਰਨ ‘ਚ ਦੇਰੀ ਹੋਣ ਨਾਲ ਮੌਤ ਦੀ ਸਜ਼ਾ ਦਾ ਮਕਸਦ ਨਾਕਾਮ ਹੋ ਜਾਵੇਗਾ। ਬੈਂਚ ਨੇ ਕਿਹਾ, ‘ਇਸ ਲਈ ਰਾਜ ਸਰਕਾਰ ਅਤੇ/ਜਾਂ ਸਬੰਧਤ ਅਧਿਕਾਰੀਆਂ ਨੂੰ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਕਿ ਰਹਿਮ ਦੀਆਂ ਅਪੀਲਾਂ ‘ਤੇ ਜਲਦੀ ਤੋਂ ਜਲਦੀ ਫ਼ੈਸਲਾ ਕੀਤਾ ਜਾਵੇ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਵੇ ਤਾਂ ਜੋ ਦੋਸ਼ੀ ਨੂੰ ਵੀ ਆਪਣੇ ਭਵਿੱਖ ਦਾ ਪਤਾ ਚੱਲ ਸਕੇ ਅਤੇ ਪੀੜਤ ਨੂੰ ਨਿਆਂ ਮਿਲ ਸਕੇ।’ ਬੈਂਚ ਨੇ ਬੰਬੇ ਹਾਈ ਕੋਰਟ ਦੇ ਉਹ ਹੁਕਮ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਦੀ ਅਪੀਲ ‘ਤੇ ਇਹ ਟਿੱਪਣੀ ਕੀਤੀ ਜਿਸ ‘ਚ ਮਹਿਲਾ ਤੇ ਉਸ ਦੀ ਭੈਣ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਘੱਟ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਇਸ ਆਧਾਰ ‘ਤੇ ਬਦਲ ਦਿੱਤਾ ਸੀ ਕਿ ਦੋਸ਼ੀਆਂ ਵੱਲੋਂ ਦਾਇਰ ਕੀਤੀਆਂ ਰਹਿਮ ਦੀਆਂ ਅਪੀਲਾਂ ‘ਤੇ ਰਾਜ/ਰਾਜਪਾਲਾਂ ਵੱਲੋਂ ਫ਼ੈਸਲਾ ਲੈਣ ‘ਚ ਦੇਰੀ ਹੋਈ ਸੀ। -ਪੀਟੀਆਈ
ਕੇਂਦਰ ਤੋਂ ਬਾਲ ਵਿਆਹ ਰੋਕੂ ਕਾਨੂੰਨ ਦੇ ਅਮਲ ਬਾਰੇ ਰਿਪੋਰਟ ਤਲਬ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੂੰ ਹਦਾਇਤ ਕੀਤੀ ਹੈ ਕਿ ਬਾਲ ਵਿਆਹ ਰੋਕੂ ਕਾਨੂੰਨ, 2006 ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਪੀਐੱਸ ਨਰਸਿਮਹਾ ਤੇ ਜਸਟਿਸ ਜੇਬੀ ਪਾਰਦੀਵਾਲਾ ਨੇ ਕੇਂਦਰ ਸਕਰਾਰ ਨੂੰ ਕਿਹਾ ਕਿ ਇਸ ਮਸਲੇ ‘ਤੇ ਵੱਖ ਵੱਖ ਰਾਜਾਂ ਤੋਂ ਅੰਕੜੇ ਇਕੱਠੇ ਕਰਕੇ ਅਦਾਲਤ ਕੋਲ ਰਿਪੋਰਟ ਪੇਸ਼ ਕੀਤੀ ਜਾਵੇ। ਸੁਪਰੀਮ ਕੋਰਟ ਸੁਸਾਇਟੀ ਫਾਰ ਐਨਲਾਈਟਨਮੈਂਟ ਐਂਡ ਵਾਲੰਟੀਅਰੀ ਐਕਸ਼ਨ ਵੱਲੋਂ ਦਾਇਰ ਇੱਕ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ ਜਿਸ ‘ਚ ਕਿਹਾ ਗਿਆ ਸੀ ਕਿ ਤਕਰੀਬਨ ਇੱਕ ਸਦੀ ਪਹਿਲਾਂ ਬਾਲ ਵਿਆਹ ਨੂੰ ਗੈਰਕਾਨੂੰਨੀ ਐਲਾਨੇ ਜਾਣ ਅਤੇ 2006 ‘ਚ ਨਵਾਂ ਕਾਨੂੰਨ ਲਾਗੂ ਹੋਣ ਦੇ ਬਾਵਜੂਦ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਸੁਸਾਇਟੀ ਨੇ ਦੋਸ਼ ਲਾਇਆ ਕਿ ਬਾਲ ਵਿਆਹ ਰੋਕੂ ਕਾਨੂੰਨ ਤਹਿਤ ਅਧਿਕਾਰੀਆਂ ਨੂੰ ਪਾਬੰਦੀ ਲਾਗੂ ਕਰਨ ਲਈ ਨਿਯੁਕਤ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਇਹ ਰੁਝਾਨ ਅਜੇ ਵੀ ਜਾਰੀ ਹੈ। ਪਟੀਸ਼ਨ ‘ਤੇ ਸੁਣਵਾਈ ਮਗਰੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਵੱਖ ਵੱਖ ਰਾਜਾਂ ‘ਚ ਹੋਏ ਬਾਲ ਵਿਆਹਾਂ ਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਅਦਾਲਤ ‘ਚ ਪੇਸ਼ ਕੀਤੀ ਜਾਵੇ। -ਪੀਟੀਆਈ









