ਮਸਲੇ ਹੱਲ ਨਾ ਹੋਣ ’ਤੇ ਸੂਬਾ ਸਰਕਾਰ ਖ਼ਿਲਾਫ਼ ਡਟਿਆ ਮਨਿਸਟੀਰੀਅਲ ਸਟਾਫ

ਮਸਲੇ ਹੱਲ ਨਾ ਹੋਣ ’ਤੇ ਸੂਬਾ ਸਰਕਾਰ ਖ਼ਿਲਾਫ਼ ਡਟਿਆ ਮਨਿਸਟੀਰੀਅਲ ਸਟਾਫ


ਸਤਵਿੰਦਰ ਬਸਰਾ
ਲੁਧਿਆਣਾ, 24 ਨਵੰਬਰ
ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੁਰਾਣੀ ਪੈਨਸ਼ਨ ਦੀ ਬਹਾਲੀ ਤੋਂ ਇਲਾਵਾ ਹੋਰ ਪ੍ਰਮੁੱਖ ਮੰਗਾਂ ਨੂੰ ਅੱਖੋਂ-ਪਰੋਖੇ ਕਰਦਿਆਂ ਮੁਲਾਜ਼ਮਾਂ ਪ੍ਰਤੀ ਅਖਤਿਆਰ ਕੀਤੇ ਬੇਰੁਖੀ ਵਾਲੇ ਵਤੀਰੇ ਦੇ ਵਿਰੋਧ ਵਿੱਚ ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਨੇ ਰੋਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ।
ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਅਤੇ ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਦਫਤਰੀ ਕਾਮਿਆਂ ਵੱਲੋ ਪਹਿਲਾਂ ਧਰਨਾ ਦਿੱਤਾ ਗਿਆ ਅਤੇ ਫਿਰ ਪੁਤਲਾ ਸਾੜਿਆ ਗਿਆ। ਧਰਨੇ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਗੁਰਚਰਨ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਕੌਰ ਆਦਿ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੀ ਪੰਜਾਬ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮੁੱਚਾ ਮੁਲਾਜ਼ਮ ਵਰਗ ਆਪਣੀਆਂ ਬੁਨਿਆਦੀ ਮੰਗਾਂ ਲਈ ਦਰੀਆਂ ’ਤੇ ਬੈਠਾ ਹੋਇਆ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਧਰਨੇ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਨੇ ਵੀ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ। ਫੈਡਰੇਸ਼ਨ ਵੱਲੋਂ ਨਿਰਭੈ ਸਿੰਘ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ। ਮੁਲਾਜ਼ਮ ਆਗੂਆਂ ਨੇ ਦੁਹਰਾਇਆ ਕਿ 22 ਨਵੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਪੁਰਾਣੀ ਪੈਨਸ਼ਨ ਸਬੰਧੀ ਮੀਟਿੰਗ ਹੋਈ ਸੀ ਜਿਸ ਦਾ ਕਿ ਕੋਈ ਸਾਰਥਿਕ ਸਿੱਟਾ ਨਾ ਨਿਕਲਿਆ। ਇਸ ਸਬੰਧ ਵਿੱਚ ਸਰਕਾਰ ਵੱਲੋਂ ਮੁੜ ਤੋਂ 7 ਦਸੰਬਰ ਨੂੰ ਜਥੇਬੰਦੀ ਨਾਲ ਪੁਰਾਣੀ ਪੈਨਸ਼ਨ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ। ਜੇਕਰ ਫਿਰ ਵੀ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ 9 ਦਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਆਗੂਆਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਉਹ 9 ਦਸਬੰਰ ਨੂੰ ਹੋਣ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ। ਇਸ ਮੌਕੇ ਸੰਦੀਪ ਭਾਂਬਕ ਅਤੇ ਲਖਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਉਕਤ ਰੈਲੀ ਵਿੱਚ ਲੁਧਿਆਣਾ ਤੋਂ ਵੱਡੀ ਗਿਣਤੀ ਮੁਲਾਜ਼ਮ ਸ਼ਾਮਿਲ ਹੋਣਗੇ। ਇਸ ਮੌਕੇ ਹਰਵਿੰਦਰ ਸਿੰਘ, ਏ.ਪੀ. ਮੌਰੀਆ, ਅਮਨ ਪ੍ਰਾਸ਼ਰ, ਗੁਰਬਾਜ਼ ਸਿੰਘ ਮੱਲੀ, ਧਰਮ ਸਿੰਘ, ਗੁਰਜਰਨ ਸਿੰਘ, ਜਗਦੇਵ ਸਿੰਘ, ਤਲਵਿੰਦਰ ਸਿੰਘ, ਸੰਦੀਪ ਨਾਰੰਗ, ਆਕਾਸ਼ਦੀਪ, ਥਰਮ ਪਾਲ ਸਿੰਘ ਪਾਲੀ, ਮੁਨੀਸ਼ ਵਰਮਾ, ਗੁਰਦਾਸ ਸਿੰਘ ਨੇ ਸੰਬੋਧਨ ਕੀਤਾ।

The post ਮਸਲੇ ਹੱਲ ਨਾ ਹੋਣ ’ਤੇ ਸੂਬਾ ਸਰਕਾਰ ਖ਼ਿਲਾਫ਼ ਡਟਿਆ ਮਨਿਸਟੀਰੀਅਲ ਸਟਾਫ appeared first on punjabitribuneonline.com.



Source link