ਐਨਪੀ ਧਵਨ
ਪਠਾਨਕੋਟ, 13 ਦਸੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਜ਼ਿਲ੍ਹਾ ਪਠਾਨਕੋਟ ਵਿੱਚ ਜ਼ੋਨ ਬਾਬਾ ਸ੍ਰੀ ਚੰਦ ਦੇ ਪਿੰਡ ਖਿਆਲਾ ਵਿੱਚ ਮੀਟਿੰਗ ਕੀਤੀ। ਇਸ ਦੀ ਅਗਵਾਈ ਸਵਿੰਦਰ ਸਿੰਘ ਚੁਟਾਲਾ, ਲਖਵਿੰਦਰ ਸਿੰਘ ਵਰਿਆਮਨੰਗਲ ਅਤੇ ਜਤਿੰਦਰ ਸਿੰਘ ਚੀਮਾ ਨੇ ਕੀਤੀ। ਇਸ ਮੌਕੇ ਕੁਲਜੀਤ ਸਿੰਘ ਹਯਾਤ ਨਗਰ, ਹਰਪਾਲ ਸਿੰਘ, ਬਲਵਿੰਦਰ ਪਾਲ, ਯਸ਼ਪਾਲ, ਸਰਨ ਸਿੰਘ, ਦਲਬੀਰ ਸਿੰਘ ਖੈਲਾ, ਮੰਗਾ ਸਿੰਘ ਅਤੇ ਜ਼ੋਨ ਬਾਬਾ ਮਸਤੂ ਦੇ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਹਾਜ਼ਰ ਸਨ।
ਇਸ ਮੌਕੇ ਜ਼ੋਨ ਦੇ 15 ਪਿੰਡਾਂ ਦੇ ਲੋਕਾਂ ਨੇ ਫਾਇਨਾਂਸ ਕੰਪਨੀ ਵਿੱਚ ਜਮ੍ਹਾਂ ਕਰਵਾਈ ਰਕਮ ਅਤੇ ਆਪਣੀ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ। ਇਸ ਵਿੱਚ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਰਾਜਨੀਤਕ ਲੋਕ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ। ਮੁੱਖ ਆਗੂ ਜਤਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਮਾਈਕਰੋ ਫਾਇਨਾਂਸ ਕੰਪਨੀਆਂ ਹਨ ਜੋ ਆਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੀਆਂ ਹਨ ਅਤੇ ਉਨ੍ਹਾਂ ਕੋਲੋਂ ਕਈ ਗੁਣਾ ਵਿਆਜ ਵਸੂਲਦੀਆਂ ਹਨ। ਪਹਿਲਾਂ ਤਾਂ ਉਹ ਕਿਸ਼ਤਾਂ ਵਿੱਚ ਕੁੱਝ ਦੇ ਕੇ ਲਾਭ ਦਾ ਹਿਸਾਬ ਲਗਾਉਂਦੀਆਂ ਹਨ ਪਰ ਬਾਅਦ ਵਿੱਚ ਵਸਤੂ ਦੀ ਦੁੱਗਣੀ ਕੀਮਤ ਵਸੂਲਦੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਅਜਿਹੀਆਂ ਕੰਪਨੀਆਂ ਚੱਲ ਰਹੀਆਂ ਹਨ, ਜਿਨ੍ਹਾਂ ਕੋਲ ਕੋਈ ਕੈਸ਼ ਬਕਾਇਆ ਨਹੀਂ ਹੈ ਅਤੇ ਉਹ ਭੋਲੇ-ਭਾਲੇ ਲੋਕਾਂ ਨੂੰ ਲੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਜ਼ੋਨ ਦੇ ਲੋਕਾਂ ਦੀ ਇਸ ਸਮੱਸਿਆ ਬਾਰੇ ਜਲਦੀ ਹੀ ਕੋਈ ਐਕਸ਼ਨ ਉਲੀਕਿਆ ਜਾਵੇਗਾ।
The post ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਲੋਕ ਇਕਜੁੱਟ appeared first on punjabitribuneonline.com.










